
ਸੈਮੀਫ਼ਾਈਨਲ ’ਚ ਥਾਂ ਬਣਾ ਕੇ ਕੀਤਾ ਸਭ ਨੂੰ ਹੈਰਾਨ
ਸਿੰਗਾਪੁਰ : ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ’ਚ ਸ਼ੁਰੂਆਤ ਕਰ ਰਹੀ 12 ਸਾਲ ਦੀ ਚੀਨੀ ਤੈਰਾਕ ਯੂ ਜ਼ੀਦੀ ਨੇ ਐਤਵਾਰ ਨੂੰ ਦੁਨੀਆਂ ਨੂੰ ਅਪਣੀ ਪ੍ਰਤਿਭਾ ਦੀ ਪਹਿਲੀ ਝਲਕ ਦਿਤੀ। ਉਸ ਨੇ ਸਿੰਗਾਪੁਰ ’ਚ ਅੱਠ ਰੋਜ਼ਾ ਮੁਕਾਬਲੇ ਦੇ ਪਹਿਲੇ ਦਿਨ ਨਿਰਾਸ਼ ਨਹੀਂ ਕੀਤਾ।
ਚੀਨ ਲਈ ਤੈਰਾਕੀ ਕਰ ਰਹੀ ਯੂ ਨੇ 200 ਮੀਟਰ ਵਿਅਕਤੀਗਤ ਮੈਡਲੇ ’ਚ 2 ਮਿੰਟ, 11.90 ਸੈਕਿੰਡ ਦਾ ਸਮਾਂ ਲੈ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਉਸ ਦਾ ਸਮਾਂ 16 ਕੁਆਲੀਫਾਇਰਾਂ ’ਚੋਂ 15ਵਾਂ ਸੱਭ ਤੋਂ ਤੇਜ਼ ਸੀ। ਹਾਲਾਂਕਿ ਇਹ ਉਸ ਦੇ 2:10.63 ਦੇ ਸੀਜ਼ਨ ਦੇ ਬਿਹਤਰੀਨ ਸਮੇਂ ਤੋਂ ਥੋੜ੍ਹਾ ਜਿਹਾ ਘੱਟ ਰਿਹਾ।
ਯੂ ਸਿੰਗਾਪੁਰ ਵਿਚ ਤਿੰਨ ਮੁਕਾਬਲਿਆਂ ਵਿਚ ਤੈਰਾਕੀ ਕਰੇਗੀ ਜਿਸ ਵਿਚ 400 ਆਈ.ਐਮ. ਅਤੇ 200 ਬਟਰਫ਼ਲਾਈ ਸ਼ਾਮਲ ਹਨ। 200 ਆਈ.ਐਮ. ਵਿਚ ਸ਼ਾਇਦ ਉਹ ਸੱਭ ਤੋਂ ਕਮਜ਼ੋਰ ਹੈ। ਹਾਲ ਹੀ ਵਿਚ ਚੀਨੀ ਚੈਂਪੀਅਨਸ਼ਿਪਾਂ ਵਿਚ ਬਟਰਫਲਾਈ ਵਿਚ ਉਸ ਦਾ ਸਮਾਂ ਅਤੇ 200 ਆਈ.ਐਮ. ਇਸ ਸੀਜ਼ਨ ਵਿਚ ਦੁਨੀਆਂ ਦੇ ਬਿਹਤਰੀਨ ਸਮੇਂ ’ਚੋਂ ਇਕ ਹੈ।
ਵਿਸ਼ਵ ਤੈਰਾਕੀ ਦੀ ਪ੍ਰਬੰਧਕ ਸੰਸਥਾ ਵਰਲਡ ਐਕੁਆਟਿਕਸ ਦੀ ਉਮਰ ਹੱਦ 14 ਸਾਲ ਹੈ। ਹਾਲਾਂਕਿ, ਇਸ ਤੋਂ ਘੱਟ ਉਮਰ ਦੇ ਤੈਰਾਕਾਂ ਨੂੰ ਵੀ ਮੁਕਾਬਲਾ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ ਜੇ ਉਨ੍ਹਾਂ ਦਾ ਸਮਾਂ ਕੁਆਲੀਫਾਇੰਗ ਮਿਆਰ ਨੂੰ ਪਾਰ ਕਰਦਾ ਹੈ। ਯੂ ਨੇ ਕਾਲੀ ਟੋਪੀ ਅਤੇ ਸਲੇਟੀ ਸੂਟ ਪਹਿਨਿਆ ਸੀ ਅਤੇ ਮੁਕਾਬਲੇ ਤੋਂ ਬਾਅਦ ਉਹ ਮੀਡੀਆ ਨਾਲ ਨਹੀਂ ਬੋਲੀ।