
ਗਿੱਲ, ਜਡੇਜਾ ਅਤੇ ਵਾਸ਼ਿੰਗਟਨ ਦੇ ਸੈਂਕੜੇ ਬਦੌਲਤ ਡਰਾਅ ਨਾਲ ਵਧਿਆ ਭਾਰਤ ਦਾ ਹੌਸਲਾ
ਮੈਨਚੈਸਟਰ : ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਅਤੇ ਕਪਤਾਨ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਚੌਥੇ ਟੈਸਟ ਮੈਚ ’ਚ ਮਨੋਬਲ ਵਧਾਉਣ ਵਾਲੀ ਡਰਾਅ ਹਾਸਲ ਕੀਤੀ।
ਗਿੱਲ (103), ਰਾਹੁਲ (90), ਜਡੇਜਾ (ਨਾਬਾਦ 107) ਅਤੇ ਵਾਸ਼ਿੰਗਟਨ (ਨਾਬਾਦ 101) ਨੇ ਚੌਥੇ ਟੈਸਟ ਮੈਚ ਦੇ ਆਖ਼ਰੀ ਦਿਨ ਪਿੱਚ ਉਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤ ਨੂੰ ਦੂਜੀ ਪਾਰੀ ’ਚ ਹਾਰ ਰੋਕਣ ਲਈ 311 ਦੌੜਾਂ ਦੀ ਜ਼ਰੂਰਤ ਸੀ। ਭਾਰਤ ਚਾਰ ਵਿਕਟਾਂ ਗੁਆ ਕੇ 425 ਦੌੜਾਂ ਬਣਾਉਣ ’ਚ ਕਾਮਯਾਬ ਰਿਹਾ ਜਿਸ ਤੋਂ ਬਾਅਦ ਮੈਚ ਡਰਾਅ ਐਲਾਨ ਦਿਤਾ ਗਿਆ। ਇੰਗਲੈਂਡ ਪੰਜਵੇਂ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ 2-1 ਨਾਲ ਅੱਗੇ ਹੈ।
ਕਪਤਾਨ ਵਜੋਂ ਗਿੱਲ ਲਈ ਇਹ ਉਨ੍ਹਾਂ ਦਾ ਚੌਥਾ ਸੈਂਕੜਾ ਸੀ ਜੋ ਕਿਸੇ ਵੀ ਕਪਤਾਨ ਲਈ ਪਹਿਲੀ ਟੈਸਟ ਲੜੀ ’ਚ ਸਭ ਤੋਂ ਵੱਧ ਹੈ। ਮੈਚ ’ਚ ਉਹ ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ 700 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਏਸ਼ੀਆਈ ਬੱਲੇਬਾਜ਼ ਵੀ ਬਣ ਗਏ।
ਭਾਰਤ ਨੇ ਪਹਿਲੀ ਵਾਰੀ ’ਚ 143 ਓਵਰਾਂ ਵਿਚ 358 ਅਤੇ ਦੂਜੀ ਪਾਰੀ ’ਚ 425 ਦੌੜਾਂ ਬਣਾਈਆਂ। ਜਦਕਿ ਇੰਗਲੈਂਡ ਨੇ ਪਹਿਲੀ ਪਾਰੀ ਵਿਚ 157.1 ਓਵਰਾਂ ਵਿਚ 669 ਦੌੜਾਂ ਬਣਾਈਆਂ ਸਨ।
ਇਸ ਤੋਂ ਪਹਿਲਾਂ ਉਸ ਸਮੇਂ ਡਰਾਮਾ ਸ਼ੁਰੂ ਹੋ ਗਿਆ ਜਦੋਂ ਭਾਰਤੀ ਬੱਲੇਬਾਜ਼ਾਂ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਵਲੋਂ ਚੌਥਾ ਟੈਸਟ ਰੱਦ ਕਰਨ ਅਤੇ ਖੇਡ ਦੇ ਆਖ਼ਰੀ ਘੰਟੇ ਦੀ ਸ਼ੁਰੂਆਤ ਤੋਂ ਪਹਿਲਾਂ ਡਰਾਅ ਉਤੇ ਸੰਤੁਸ਼ਟ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ।
ਇਕ ਵਿਵਸਥਾ ਹੈ ਜੋ ਦੋਹਾਂ ਕਪਤਾਨਾਂ ਨੂੰ ਹੱਥ ਮਿਲਾਉਣ ਅਤੇ ਡਰਾਅ ਲਈ ਸਹਿਮਤ ਹੋਣ ਦੀ ਇਜਾਜ਼ਤ ਦਿੰਦੀ ਹੈ ਜੇ ਉਨ੍ਹਾਂ ਨੂੰ ਲਗਦਾ ਹੈ ਕਿ ਨਤੀਜੇ ਦੀ ਸੰਭਾਵਨਾ ਅਸੰਭਵ ਹੈ।
ਡਰਾਅ ਹਾਸਲ ਕਰਨ ਲਈ ਸਖਤ ਮਿਹਨਤ ਕਰਨ ਤੋਂ ਬਾਅਦ ਜਡੇਜਾ ਅਤੇ ਵਾਸ਼ਿੰਗਟਨ ਕ੍ਰਮਵਾਰ 89 ਅਤੇ 80 ਦੌੜਾਂ ਉਤੇ ਬੱਲੇਬਾਜ਼ੀ ਕਰਦੇ ਹੋਏ ਸਟੋਕਸ ਦੀ ਪੇਸ਼ਕਸ਼ ਨੂੰ ਸਾਫ ਤੌਰ ਉਤੇ ਠੁਕਰਾ ਦਿਤਾ। ਮੈਚ ਬਚਾਉਣ ਤੋਂ ਬਾਅਦ ਦੋਵੇਂ ਸੈਂਕੜੇ ਦੇ ਨੇੜੇ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਬੱਲੇਬਾਜ਼ੀ ਜਾਰੀ ਰੱਖਣ ਲਈ ਅਪਣੇ ਅਧਿਕਾਰਾਂ ਦੀ ਵਰਤੋਂ ਕੀਤੀ।
ਜ਼ੈਕ ਕ੍ਰਾਉਲੀ ਅਤੇ ਬੇਨ ਡਕੇਟ ਵੀ ਇਹ ਪੁੱਛਦੇ ਵੇਖੇ ਗਏ ਸਨ ਕਿ ਭਾਰਤ ਹੋਰ ਕਿਉਂ ਖੇਡਣਾ ਚਾਹੁੰਦਾ ਹੈ? ਇਸ ਦੌਰਾਨ ਸਟੋਕਸ ਨੇ ਵਿਅੰਗਾਤਮਕ ਢੰਗ ਨਾਲ ਪੁਛਿਆ , ‘‘ਕੀ ਤੁਸੀਂ ਹੈਰੀ ਬਰੂਕ ਦੇ ਵਿਰੁਧ ਸੈਂਕੜਾ ਬਣਾਉਣਾ ਚਾਹੁੰਦੇ ਹੋ?‘‘
ਇਸ ’ਤੇ ਜਡੇਜਾ ਨੇ ਸਿਰਫ ਇੰਨਾ ਹੀ ਕਿਹਾ, ‘‘ਮੈਂ ਕੁੱਝ ਨਹੀਂ ਕਰ ਸਕਦਾ।’’ ਮੁਸਕਰਾਉਂਦੇ ਹੋਏ ਜਡੇਜਾ ਨੇ ਅਪਣੀ ਸ਼ਾਲੀਨਤਾ ਬਣਾਈ ਰੱਖੀ ਅਤੇ ਕਿਹਾ ਕਿ ਨਿਯਮਾਂ ਅਨੁਸਾਰ ਭਾਰਤ ਨੂੰ ਬੱਲੇਬਾਜ਼ੀ ਜਾਰੀ ਰੱਖਣ ਦਾ ਅਧਿਕਾਰ ਹੈ।
ਇਸ ਮਗਰੋਂ ਸਟੋਕਸ ਨੇ ਹੈਰੀ ਬਰੂਕ ਨੂੰ ਗੇਂਦਬਾਜ਼ੀ ਉਤੇ ਲਾਇਆ ਅਤੇ ਜਡੇਜਾ ਨੇ ਉਸ ਨੂੰ ਛੱਕਾ ਮਾਰ ਕੇ ਅਪਣਾ ਤੀਜਾ ਟੈਸਟ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਇੰਗਲੈਂਡ ਦੀ ਟੀਮ ਦਾ ਖਰਾਬ ਰਵੱਈਆ ਸਾਫ਼ ਦਿਸ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਵਿਰੋਧ ਵਜੋਂ ਲੰਮੀਆਂ ਛਾਲਾਂ ਮਾਰ ਕੇ ‘ਡੌਂਕੀ ਡਰੌਪ’ ਗੇਂਦਾਂ ਸੁੱਟਣੀਆਂ ਸ਼ੁਰੂ ਕਰ ਦਿਤੀਆਂ ਸਨ।