
ਚੈਂਪੀਅਨ ਕੋਕੋ ਗੌਫ ਨੇ ਯੂ.ਐਸ. ਓਪਨ ’ਚ ਅਪਣੇ ਡਿਫੈਂਸ ਦੀ ਸ਼ੁਰੂਆਤ
Tennis: ਮੌਜੂਦਾ ਚੈਂਪੀਅਨ ਕੋਕੋ ਗੌਫ ਨੇ ਯੂ.ਐਸ. ਓਪਨ ’ਚ ਅਪਣੇ ਡਿਫੈਂਸ ਦੀ ਸ਼ੁਰੂਆਤ ਸਿੱਧੇ ਸੈਟਾਂ ’ਚ ਜਿੱਤ ਨਾਲ ਕੀਤੀ। ਗੌਫ ਨੇ ਸੋਮਵਾਰ ਨੂੰ ਇੱਥੇ ਅਪਣੇ ਪਹਿਲੇ ਗੇੜ ਦੇ ਮੈਚ ’ਚ ਵਰਵਰਾ ਗ੍ਰਾਚੇਵਾ ਨੂੰ 6-2, 6-0 ਨਾਲ ਹਰਾਇਆ। ਗੌਫ ਹਾਲ ਹੀ ’ਚ ਖਰਾਬ ਫਾਰਮ ਨਾਲ ਜੂਝ ਰਹੀ ਸੀ ਪਰ ਇੱਥੇ ਉਸ ਨੇ ਸ਼ੁਰੂ ਤੋਂ ਲੈ ਕੇ ਅੰਤ ਤਕ ਦਬਦਬਾ ਬਣਾਇਆ।
ਉਨ੍ਹਾਂ ਮੈਚ ਤੋਂ ਬਾਅਦ ਕਿਹਾ, ‘‘ਪਿਛਲੇ ਕੁੱਝ ਹਫਤੇ ਮੁਸ਼ਕਲ ਸਨ। ਮੈਂ ਚੰਗਾ ਪ੍ਰਦਰਸ਼ਨ ਕਰਨ ਲਈ ਦ੍ਰਿੜ ਸੀ ਪਰ ਮੈਨੂੰ ਅਪਣੇ ਆਪ ਤੋਂ ਇਲਾਵਾ ਕਿਸੇ ਨੂੰ ਕੁੱਝ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ।’’
ਪਿਛਲੇ ਸਾਲ ਸੈਮੀਫਾਈਨਲ ’ਚ ਪਹੁੰਚਣ ਵਾਲੇ ਇਕ ਹੋਰ ਅਮਰੀਕੀ ਅਤੇ 13ਵੇਂ ਦਰਜੇ ਦੇ ਬੇਨ ਸ਼ੈਲਟਨ ਨੇ 2020 ਦੇ ਚੈਂਪੀਅਨ ਡੋਮਿਨਿਕ ਥਿਏਮ ਨੂੰ 6-4, 6-2, 6-2 ਨਾਲ ਹਰਾਇਆ। ਥਿਏਮ ਦਾ ਯੂ.ਐਸ. ਓਪਨ ’ਚ ਇਹ ਆਖਰੀ ਮੈਚ ਸੀ ਕਿਉਂਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਇਸ ਸੀਜ਼ਨ ਤੋਂ ਬਾਅਦ ਸੰਨਿਆਸ ਲੈ ਲੈਣਗੇ।
ਯੂ.ਐਸ. ਓਪਨ ’ਚ 2017 ਦੀ ਚੈਂਪੀਅਨ ਸਲੋਆਨ ਸਟੀਫਨਜ਼ ਨੇ ਕਲਾਰਾ ਬੁਰੇਲ ਵਿਰੁਧ ਸ਼ੁਰੂਆਤੀ ਨੌਂ ਗੇਮ ਜਿੱਤੇ ਪਰ ਉਸ ਦੀ ਗਤੀ ਵਿਗੜ ਗਈ ਅਤੇ ਉਹ 0-6, 7-5, 7-5 ਨਾਲ ਹਾਰ ਗਈ।
ਮਹਿਲਾ ਡਰਾਅ ’ਚ ਅਗਲੇ ਗੇੜ ’ਚ ਪਹੁੰਚਣ ਵਾਲੀਆਂ ਹੋਰ ਸੀਡ ’ਚ ਇਸ ਮਹੀਨੇ ਦੇ ਸ਼ੁਰੂ ’ਚ ਪੈਰਿਸ ਓਲੰਪਿਕ ’ਚ ਸੋਨ ਤਮਗਾ ਜਿੱਤਣ ਵਾਲੀ ਸੱਤਵੀਂ ਦਰਜਾ ਪ੍ਰਾਪਤ ਝੇਂਗ ਕਿਨਵੇਨ, ਓਲੰਪਿਕ ਚਾਂਦੀ ਤਮਗਾ ਜੇਤੂ ਅਤੇ 24ਵੀਂ ਦਰਜਾ ਪ੍ਰਾਪਤ ਡੋਨਾ ਵੇਕਿਚ, 12ਵੀਂ ਸੀਡ ਵਾਲੀ ਡਾਰੀਆ ਕਾਸਾਤਕਿਨਾ ਅਤੇ 14ਵੀਂ ਸੀਡ ਮੈਡੀਸਨ ਕੀਜ਼ ਸ਼ਾਮਲ ਹਨ।
ਨੌਵੀਂ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਸੱਜੇ ਮੋਢੇ ਦੀ ਸੱਟ ਕਾਰਨ ਸੈੱਟ ਤੋਂ ਬਾਅਦ ਮੈਚ ਤੋਂ ਹਟ ਗਈ। ਪੁਰਸ਼ਾਂ ਦੇ ਪਹਿਲੇ ਗੇੜ ’ਚ 15ਵੇਂ ਦਰਜੇ ਦੇ ਹੋਲਗਰ ਰੂਨ ਨੂੰ ਅਮਰੀਕਾ ਦੇ ਬ੍ਰੈਂਡਨ ਨਕਾਸ਼ੀਮਾ ਨੇ 6-2, 6-1, 6-4 ਨਾਲ ਹਰਾਇਆ।
ਪੁਰਸ਼ਾਂ ਵਿਚ ਚੌਥਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜਵੇਰੇਵ, ਛੇਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ, ਅੱਠਵਾਂ ਦਰਜਾ ਪ੍ਰਾਪਤ ਕੈਸਪਰ ਰੂਡ, ਨੌਵਾਂ ਦਰਜਾ ਪ੍ਰਾਪਤ ਅਤੇ 2022 ਉਪ ਜੇਤੂ ਗ੍ਰਿਗੋਰ ਦਿਮਿਤ੍ਰੋਵ ਅਤੇ 12ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਸ਼ਾਮਲ ਹਨ। -ਪੀਟੀਆਈ