
ਐਮ.ਐਮ. ਸੋਮਾਇਆ ਅਤੇ ਮੰਜੂਸ਼ਾ ਕੰਵਰ ਬਣੇ ਮੈਂਬਰ
Panel to monitor wrestling body affairs: ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਇਕ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਐਮ.ਐਮ. ਸੋਮਾਇਆ ਅਤੇ ਮੰਜੂਸ਼ਾ ਕੰਵਰ ਮੈਂਬਰ ਹਨ। ਯੂਥ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ 24 ਦਸੰਬਰ, 2023 ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੀ ਗਵਰਨਿੰਗ ਕੌਂਸਲ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਖੇਡ ਮੰਤਰਾਲੇ ਦੀ ਬੇਨਤੀ ਦੇ ਜਵਾਬ ’ਚ ਇਹ ਫੈਸਲਾ ਲਿਆ ਗਿਆ ਸੀ।
ਭੁਪਿੰਦਰ ਸਿੰਘ ਬਾਜਵਾ ਪਿਛਲੀ ਐਡਹਾਕ ਕਮੇਟੀ ਦੇ ਵੀ ਪ੍ਰਧਾਨ ਸਨ ਜਿਸ ਨੇ ਅਗੱਸਤ, 2023 ਤੋਂ ਦਸੰਬਰ ਤਕ ਦੇਸ਼ ਅੰਦਰ ਖੇਡ ਦਾ ਕੰਮਕਾਜ ਵੇਖਿਆ ਸੀ। ਆਈ.ਓ.ਏ. ਨੇ ਡਬਲਿਊ.ਐੱਫ.ਆਈ. ਦੇ ਨਵੇਂ ਨਿਯੁਕਤ ਪ੍ਰਧਾਨ ਅਤੇ ਅਧਿਕਾਰੀਆਂ ਵਲੋਂ ਅਪਣੇ ਸੰਵਿਧਾਨਕ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਮਨਮਰਜ਼ੀ ਨਾਲ ਫੈਸਲੇ ਲੈਣ ਅਤੇ ਆਈ.ਓ.ਸੀ. ਵਲੋਂ ਅਪਣਾਏ ਗਏ ਚੰਗੇ ਸ਼ਾਸਨ ਦੇ ਸਿਧਾਂਤਾਂ ਦੇ ਵਿਰੁਧ ਚਿੰਤਾ ਜ਼ਾਹਰ ਕੀਤੀ ਸੀ।
ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸਹਿਯੋਗੀ ਸੰਜੇ ਸਿੰਘ ਨੂੰ ਡਬਲਿਊ.ਐੱਫ.ਆਈ. ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬ੍ਰਿਜਭੂਸ਼ਣ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਤਿੰਨ ਪਹਿਲਵਾਨਾਂ ਵਿਚੋਂ ਇਕ ਸਾਕਸ਼ੀ ਮਲਿਕ ਨੇ ਨਤੀਜਿਆਂ ਦੇ ਵਿਰੋਧ ਵਿਚ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।
ਇਸ ਤੋਂ ਬਾਅਦ ਨਵੀਂ ਚੁਣੀ ਗਈ ਸੰਸਥਾ ਨੇ ਬ੍ਰਿਜਭੂਸ਼ਣ ਦੇ ਸੰਸਦੀ ਹਲਕੇ ਗੋਂਡਾ ਦੇ ਨੰਦਿਨੀ ਨਗਰ ’ਚ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪਾਂ ਦਾ ਐਲਾਨ ਕੀਤਾ। ਇਸ ਫੈਸਲੇ ਕਾਰਨ ਖੇਡ ਮੰਤਰਾਲੇ ਨੇ ਨਵੀਂ ਚੁਣੀ ਗਈ ਸੰਸਥਾ ਨੂੰ ਮੁਅੱਤਲ ਕਰ ਦਿਤਾ ਕਿਉਂਕਿ ਡਬਲਿਊ.ਐੱਫ.ਆਈ. ਦੇ ਜਨਰਲ ਸਕੱਤਰ ਪ੍ਰੇਮ ਚੰਦ ਲੋਕੈਬ ਉਸ ਮੀਟਿੰਗ ’ਚ ਮੌਜੂਦ ਨਹੀਂ ਸਨ ਜਿਸ ’ਚ ਰਾਸ਼ਟਰੀ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਗਿਆ ਸੀ, ਜੋ ਰਾਸ਼ਟਰੀ ਖੇਡ ਜ਼ਾਬਤੇ ਅਤੇ ਡਬਲਿਊ.ਐੱਫ.ਆਈ. ਦੇ ਅਪਣੇ ਸੰਵਿਧਾਨ ਦੀ ਉਲੰਘਣਾ ਹੈ।
ਇਨ੍ਹਾਂ ਘਟਨਾਵਾਂ ਦੇ ਜਵਾਬ ’ਚ, ਬਜਰੰਗ ਪੂਨੀਆ ਨੇ ਅਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦੇ ਅਪਣੇ ਇਰਾਦੇ ਦਾ ਐਲਾਨ ਕੀਤਾ, ਇਸ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀ 26 ਦਸੰਬਰ, 2023 ਨੂੰ ਅਪਣਾ ਖੇਲ ਰਤਨ ਪੁਰਸਕਾਰ ਵਾਪਸ ਕਰਨ ਦੇ ਅਪਣੇ ਇਰਾਦੇ ਦਾ ਐਲਾਨ ਕੀਤਾ। ਪੂਨੀਆ ਅਤੇ ਫੋਗਾਟ ਦੋਵੇਂ ਸਾਕਸ਼ੀ ਮਲਿਕ ਸਮੇਤ ਪਹਿਲਵਾਨਾਂ ਦੀ ਤਿਕੜੀ ਦਾ ਹਿੱਸਾ ਸਨ, ਜਿਨ੍ਹਾਂ ਨੇ 2023 ਵਿਚ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ।
(For more Punjabi news apart from Indian Olympic body to form panel to monitor wrestling body affairs amid row, stay tuned to Rozana Spokesman)