
ਖ਼ਿਤਾਬੀ ਮੁਕਾਬਲੇ 'ਚ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੂੰ ਦਿਤੀ ਮਾਤ
ਆਸਟ੍ਰੇਲੀਆ : ਬੇਲਾਰੂਸ ਦੀ ਅਰੀਨਾ ਸਬਾਲੇਂਕਾ ਆਸਟ੍ਰੇਲੀਅਨ ਓਪਨ 2023 ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਚੈਂਪੀਅਨ ਬਣ ਗਈ ਹੈ। ਖ਼ਿਤਾਬੀ ਮੁਕਾਬਲੇ ਵਿੱਚ ਉਸ ਨੇ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੂੰ 4-6, 6-3, 6-4 ਨਾਲ ਹਰਾਇਆ। ਰਾਇਬਾਕਿਨਾ ਨੇ ਪਹਿਲਾ ਸੈੱਟ 6-4 ਨਾਲ ਜਿੱਤਿਆ, ਜਿਸ ਤੋਂ ਬਾਅਦ ਸਬਾਲੇਂਕਾ ਨੇ ਜ਼ਬਰਦਸਤ ਵਾਪਸੀ ਕੀਤੀ। ਸਬਲੇਂਕਾ ਨੇ ਦੂਜਾ ਸੈੱਟ 6-3 ਅਤੇ ਤੀਜਾ ਸੈੱਟ 6-4 ਨਾਲ ਜਿੱਤਿਆ। ਸਬਲੇਂਕਾ ਦਾ ਇਹ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। ਹੁਣ ਐਤਵਾਰ ਨੂੰ ਪੁਰਸ਼ ਸਿੰਗਲਜ਼ ਦਾ ਫਾਈਨਲ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਗ੍ਰੀਸ ਦੇ ਸਟੀਫਾਨੋਸ ਸਿਟਸਿਪਾਸ ਵਿਚਾਲੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਟੇ ਤੋਂ ਬਾਅਦ ਹੁਣ ਰੁਆ ਰਿਹਾ ਹੈ ਪਿਆਜ਼, ਜਾਣੋ ਕੀ ਹੈ ਕੀਮਤ?
ਦੋਵਾਂ ਵਿਚਾਲੇ ਇਹ ਚੌਥਾ ਮੈਚ ਸੀ। ਸਬਲੇਨਕਾ ਨੇ ਸਾਰੇ ਚਾਰ ਮੈਚ ਜਿੱਤੇ ਹਨ। ਦੋਵੇਂ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਫਾਈਨਲ 'ਚ ਆਹਮੋ-ਸਾਹਮਣੇ ਸਨ। ਇਸ ਤੋਂ ਪਹਿਲਾਂ ਜੁਲਾਈ 2021 'ਚ ਵਿੰਬਲਡਨ ਦੇ ਚੌਥੇ ਦੌਰ 'ਚ ਰਾਇਬਾਕੀਨਾ ਅਤੇ ਸਬਾਲੇਂਕਾ ਵਿਚਾਲੇ ਮੈਚ ਹੋਇਆ ਸੀ। ਇਸ ਤੋਂ ਇਲਾਵਾ ਜਨਵਰੀ 2021 ਵਿੱਚ ਅਬੂ ਧਾਬੀ ਟੈਨਿਸ ਓਪਨ ਦੇ ਕੁਆਰਟਰ ਫਾਈਨਲ ਅਤੇ ਸਤੰਬਰ 2019 ਵਿੱਚ ਵੁਹਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਦੋਵੇਂ ਆਹਮੋ-ਸਾਹਮਣੇ ਹੋਏ ਸਨ।
ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਹਮਲਾ ਕਰ ਕੀਤਾ ਮਾਂ ਨੂੰ ਜ਼ਖ਼ਮੀ
23 ਸਾਲਾ ਰਾਇਬਾਕਿਨਾ ਨੇ ਹੁਣ ਤੱਕ ਇੱਕ ਗਰੈਂਡ ਸਲੈਮ ਸਮੇਤ ਤਿੰਨ ਖ਼ਿਤਾਬ ਜਿੱਤੇ ਹਨ। ਰਿਬਾਕੀਨਾ ਨੇ ਵਿੰਬਲਡਨ ਦੇ ਰੂਪ ਵਿੱਚ 2022 ਵਿੱਚ ਪਹਿਲਾ ਗ੍ਰੈਂਡ ਸਲੈਮ ਜਿੱਤਿਆ ਸੀ। ਰਾਇਬਾਕੀਨਾ ਦੀ ਮਹਿਲਾ ਸਿੰਗਲਜ਼ ਵਿੱਚ ਮੌਜੂਦਾ ਰੈਂਕਿੰਗ 23 ਹੈ। ਇਸ ਦੇ ਨਾਲ ਹੀ 24 ਸਾਲਾ ਸਬਾਲੇਂਕਾ ਦਾ ਇਹ ਪਹਿਲਾ ਗਰੈਂਡ ਸਲੈਮ ਖਿਤਾਬ ਹੈ। ਹਾਲਾਂਕਿ ਸਿੰਗਲਜ਼ ਵਿੱਚ ਉਸ ਨੇ ਆਸਟ੍ਰੇਲੀਅਨ ਓਪਨ ਸਮੇਤ ਕੁੱਲ 12 ਖ਼ਿਤਾਬ ਜਿੱਤੇ ਹਨ। ਉਸ ਦੀ ਮੌਜੂਦਾ ਰੈਂਕਿੰਗ ਪੰਜ ਹੈ।