
ਰੂਸੀ ਖਿਡਾਰੀ ਮੇਦਵੇਦੇਵ ਨੂੰ ਹਰਾ ਕੇ ਇਟਲੀ ਦੇ ਕਿਸੇ ਖਿਡਾਰੀ ਨੇ ਪਹਿਲੀ ਵਾਰ ਜਿੱਤਿਆ ਆਸਟਰੇਲੀਆਈ ਓਪਨ
ਮੈਲਬੌਰਨ: ਯਾਨਿਕ ਸਿਨਰ ਨੇ ਐਤਵਾਰ ਨੂੰ ਆਸਟਰੇਲੀਆਈ ਓਪਨ ਦੇ ਫਾਈਨਲ ’ਚ ਡੈਨਿਲ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਅਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਸੈਮੀਫਾਈਨਲ ’ਚ ਪਹੁੰਚ ਕੇ ਟੂਰਨਾਮੈਂਟ ’ਚ ਨੋਵਾਕ ਜੋਕੋਵਿਕ ਦੇ ਲੰਮੇ ਸਮੇਂ ਤੋਂ ਦਬਦਬੇ ਨੂੰ ਤੋੜਨ ਵਾਲੇ 22 ਸਾਲਾਂ ਦੇ ਸਿਨਰ ਪਹਿਲੀ ਵਾਰ ਕਿਸੇ ਵੱਡੇ ਟੂਰ ਫਾਈਨਲ ’ਚ ਖੇਡ ਰਹੇ ਸਨ।
ਉਹ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਣ ਵਾਲੇ ਇਟਲੀ ਦੇ ਪਹਿਲਾ ਖਿਡਾਰੀ ਹਨ। ਜਿੱਤ ਤੋਂ ਬਾਅਦ ਉਨ੍ਹਾਂ ਕਿਹਾ, ‘‘ਮੈਂ ਸਿਰਫ 22 ਸਾਲਾਂ ਦਾ ਹਾਂ ਪਰ ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ।’’ ਸਿਨਰ ਨੇ ਕਿਹਾ, ‘‘ਇਹ ਮੇਰੇ ਲਈ ਵੱਡਾ ਟੂਰਨਾਮੈਂਟ ਹੈ ਪਰ ਮੈਂ ਇਸ ਗ੍ਰੈਂਡ ਸਲੈਮ ਨੂੰ ਖਾਸ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’’
ਇਹ 2021 ਦੇ ਯੂ.ਐਸ. ਓਪਨ ਚੈਂਪੀਅਨ ਮੇਦਵੇਦੇਵ ਦੀ ਛੇ ਗ੍ਰੈਂਡ ਸਲੈਮ ਫਾਈਨਲ ’ਚ ਪੰਜਵੀਂ ਹਾਰ ਸੀ। ਤੀਜੇ ਦਰਜੇ ਦੇ ਰੂਸੀ ਖਿਡਾਰੀ ਨੇ ਟੂਰਨਾਮੈਂਟ ਦੇ ਅਪਣੇ ਚੌਥੇ ਪੰਜ ਸੈੱਟ ਮੈਚ ਨਾਲ ਗ੍ਰੈਂਡ ਸਲੈਮ ਦੇ ਓਪਨ ਯੁੱਗ ਵਿਚ ਕੋਰਟ ’ਤੇ ਸੱਭ ਤੋਂ ਵੱਧ ਸਮਾਂ (24 ਘੰਟੇ ਅਤੇ 17 ਮਿੰਟ) ਦਾ ਨਵਾਂ ਰੀਕਾਰਡ ਬਣਾਇਆ। ਉਨ੍ਹਾਂ ਨੇ 2022 ਯੂ.ਐਸ. ਓਪਨ ’ਚ ਕਾਰਲੋਸ ਅਲਕਾਰਾਜ਼ (23 ਘੰਟੇ 40 ਮਿੰਟ) ਦੇ ਰੀਕਾਰਡ ਨੂੰ ਤੋੜ ਦਿਤਾ।
ਆਸਟਰੇਲੀਆਈ ਓਪਨ ’ਚ ਤਿੰਨ ਵਾਰ ਫਾਈਨਲ ’ਚ ਜਗ੍ਹਾ ਬਣਾਉਣ ਦੇ ਬਾਵਜੂਦ ਮੇਦਵੇਦੇਵ ਖਿਤਾਬ ਨਹੀਂ ਜਿੱਤ ਸਕੇ। ਉਹ 2021 ਵਿਚ ਜੋਕੋਵਿਚ ਅਤੇ 2022 ਵਿਚ ਰਾਫੇਲ ਨਡਾਲ ਤੋਂ ਹਾਰ ਗਿਆ ਸੀ। ਨਡਾਲ ਦੇ ਵਿਰੁਧ ਵੀ ਉਹ ਅਪਣੀ ਪਹਿਲੀ ਦੋ ਸੈੱਟਾਂ ਦੀ ਲੀਡ ਬਰਕਰਾਰ ਨਹੀਂ ਰੱਖ ਸਕਿਆ।
ਮੇਦਵੇਦੇਵ ਨੇ ਪੰਜ-ਪੰਜ ਸੈੱਟਾਂ ਦੇ ਤਿੰਨ ਮੈਚ ਜਿੱਤ ਕੇ ਇਸ ਵਾਰ ਖਿਤਾਬੀ ਮੈਚ ’ਚ ਪਹੁੰਚੇ ਸਨ। ਇਨ੍ਹਾਂ ਵਿਚੋਂ ਦੋ ਮੈਚਾਂ ਵਿਚ ਉਨ੍ਹਾਂ ਪਹਿਲੇ ਦੋ ਸੈਟਾਂ ਵਿਚ ਪਿੱਛੇ ਰਹਿਣ ਤੋਂ ਬਾਅਦ ਮਜ਼ਬੂਤ ਵਾਪਸੀ ਕੀਤੀ। ਸਿਨਰ ਨੇ ਫਾਈਨਲ ਤੋਂ ਪਹਿਲਾਂ ਛੇ ਗੇਮਾਂ ਵਿਚ ਸਿਰਫ ਇਕ ਸੈੱਟ ਗੁਆਇਆ, ਜੋ ਜੋਕੋਵਿਚ ਵਿਰੁਧ ਤੀਜੇ ਸੈੱਟ ਟਾਈਬ੍ਰੇਕਰ ਵਿਚ ਸੀ। ਮੇਦਵੇਦੇਵ ਅਤੇ ਸਿਨਰ ਵਿਚਾਲੇ ਇਹ 10ਵਾਂ ਮੈਚ ਸੀ ਜਿਸ ਵਿਚ ਰੂਸੀ ਖਿਡਾਰੀ ਨੇ ਪਹਿਲੇ ਛੇ ਮੈਚ ਜਿੱਤੇ ਸਨ। ਸਿਨਾਰ ਦੀ ਮੇਦਵੇਦੇਵ ’ਤੇ ਇਹ ਲਗਾਤਾਰ ਚੌਥੀ ਜਿੱਤ ਸੀ। ਰੂਸ ਦੇ ਇਸ ਖਿਡਾਰੀ ਨੇ ਕਿਹਾ, ‘‘ਮੈਂ ਸਿਨਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਅੱਜ ਤੁਸੀਂ ਦੁਬਾਰਾ ਵਿਖਾਇਆ ਕਿ ਤੁਸੀਂ ਇਸ ਦੇ ਹੱਕਦਾਰ ਕਿਉਂ ਹੋ।’’ ਉਨ੍ਹਾਂ ਕਿਹਾ, ‘‘ਬਹੁਤ ਸਾਰੇ ਮੈਚ ਜਿੱਤਣਾ ਅਤੇ ਸ਼ਾਇਦ ਇਹ ਤੁਹਾਡਾ ਆਖਰੀ ਗ੍ਰੈਂਡ ਸਲੈਮ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਜੇ ਤੁਸੀਂ ਭਵਿੱਖ ’ਚ ਫਾਈਨਲ ’ਚ ਖੇਡਦੇ ਹੋ ਤਾਂ ਮੈਂ ਅਗਲਾ ਗ੍ਰੈਂਡ ਸਲੈਮ ਜਿੱਤਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਹ ਲਗਾਤਾਰ ਤਿੰਨ ਫਾਈਨਲ ਹੋ ਚੁਕੇ ਹਨ।’’
ਉਨ੍ਹਾਂ ਕਿਹਾ ਕਿ ਫਾਈਨਲ ’ਚ ਹਾਰਨਾ ਬਹੁਤ ਨਿਰਾਸ਼ਾਜਨਕ ਹੈ ਪਰ ਫਾਈਨਲ ’ਚ ਪਹੁੰਚਣਾ ਪਹਿਲਾਂ ਦੇ ਗੇੜ ’ਚ ਹਾਰਨ ਨਾਲੋਂ ਬਿਹਤਰ ਹੈ। ਮੈਨੂੰ ਸ਼ਾਇਦ ਅਗਲੀ ਵਾਰ ਹੋਰ ਸਖਤ ਮਿਹਨਤ ਕਰਨੀ ਪਵੇਗੀ। ਮੈਨੂੰ ਅਪਣੇ ਆਪ ’ਤੇ ਮਾਣ ਹੈ। ਮੇਦਵੇਦੇਵ ਨੇ ਫਾਈਨਲ ਦੀ ਸ਼ੁਰੂਆਤ ’ਤੇ ਦਬਦਬਾ ਬਣਾਇਆ ਪਰ ਇਸ ਨੂੰ ਜਲਦੀ ਖਤਮ ਕਰਨ ਦੀ ਕਾਹਲੀ ਉਸ ਨੂੰ ਮਹਿੰਗੀ ਪਈ। ਸੈਮੀਫਾਈਨਲ ’ਚ ਅਲੈਗਜ਼ੈਂਡਰ ਜਵੇਰੇਵ ਦੇ ਚਾਰ ਘੰਟੇ 18 ਮਿੰਟ ਤਕ ਚੱਲੇ ਮੈਚ ਦੀ ਥਕਾਵਟ ਹੁਣ ਉਸ ਦੀ ਖੇਡ ’ਤੇ ਹਾਵੀ ਹੋਣ ਲੱਗੀ ਸੀ।
ਮੇਦਵੇਦੇਵ ਨੇ ਪਹਿਲੇ ਸੈੱਟ ਦੀ ਤੀਜੀ ਗੇਮ ਤੋੜ ਦਿਤੀ ਅਤੇ 36 ਮਿੰਟ ’ਚ ਜਿੱਤ ਹਾਸਲ ਕਰ ਲਈ। ਉਹ ਦੂਜੇ ਸੈੱਟ ਦੇ ਦੂਜੇ ਅਤੇ ਚੌਥੇ ਗੇਮ ਨੂੰ ਤੋੜਨ ’ਚ ਵੀ ਕਾਮਯਾਬ ਰਿਹਾ। ਹਾਲਾਂਕਿ ਤੀਜੇ ਸੈੱਟ ਤੋਂ ਹੀ ਮੈਚ ਦਾ ਰੁਖ ਬਦਲਣਾ ਸ਼ੁਰੂ ਹੋ ਗਿਆ। ਜਦੋਂ ਮੇਦਵੇਦੇਵ 4-5 ਨਾਲ ਪਿੱਛੇ ਸੀ ਤਾਂ ਉਸ ਦੀਆਂ ਤਿੰਨ ਫੋਰਹੈਂਡ ਗਲਤੀਆਂ ਨੇ ਸਿਨਰ ਨੂੰ ਸੈੱਟ ਜਿੱਤਣ ਦਾ ਮੌਕਾ ਦਿਤਾ। ਇਟਲੀ ਦੇ ਖਿਡਾਰੀ ਨੇ ਇਸ ਦੇ ਨਾਲ ਹੀ ਲੈਅ ਮੁੜ ਹਾਸਲ ਕਰ ਲਈ। ਸਿਨਰ ਨੇ ਚੌਥੇ ਸੈੱਟ ਦੇ 10ਵੇਂ ਗੇਮ ’ਚ ਮੇਦਵੇਦੇਵ ਦੀ ਸੇਵਾ ਤੋੜ ਦਿਤੀ । ਇਸ ਵਾਰ ਵੀ ਮੇਦਵੇਦੇਵ ਦੀ ਗਲਤੀ ਸੀ। ਉਸ ਨੇ ਲਗਾਤਾਰ ਤਿੰਨ ਵਾਰ ਫੋਰਹੈਂਡ ਨਾਲ ਗਲਤੀ ਕੀਤੀ, ਜਿਸ ਨੇ ਇੱਥੇ ਰੋਡ ਲੀਵਰ ਅਰੇਨਾ ਵਿਚ ਮੌਜੂਦ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿਤਾ।
ਪੰਜਵੇਂ ਸੈੱਟ ਦੇ ਛੇਵੇਂ ਗੇਮ ’ਚ ਸਿਨਰ ਨੇ ਥੱਕੇ ਹੋਏ ਮੇਦਵੇਦੇਵ ਦੇ ਵਿਰੁਧ ਟ੍ਰਿਪਲ ਬ੍ਰੇਕ ਪੁਆਇੰਟ ਹਾਸਲ ਕੀਤਾ। ਉਸ ਨੇ ਅਪਣਾ ਪਹਿਲਾ ਮੌਕਾ ਗੁਆ ਦਿਤਾ ਪਰ ਅਪਣੇ ਅਗਲੇ ਫੋਰਹੈਂਡ ਜੇਤੂ ਨਾਲ 4-2 ਦੀ ਬੜ੍ਹਤ ਬਣਾ ਲਈ। ਉੱਥੋਂ ਉਸ ਨੇ ਮੇਦਵੇਦੇਵ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿਤਾ।