
ਬਟਲਰ ਨੇ ਇੰਗਲੈਂਡ ਦੀ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ
ਕਰਾਚੀ : ਜੋਸ ਬਟਲਰ ਨੇ ਸ਼ੁਕਰਵਾਰ ਨੂੰ ਇੰਗਲੈਂਡ ਦੀ ਇਕ ਦਿਨਾ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ। ਅੱਠ ਟੀਮਾਂ ਦੇ ਟੂਰਨਾਮੈਂਟ ਤੋਂ ਟੀਮ ਦੇ ਬਾਹਰ ਹੋਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਨੇ ਦਖਣੀ ਅਫਰੀਕਾ ਵਿਰੁਧ ਚੈਂਪੀਅਨਜ਼ ਟਰਾਫੀ ਦੇ ਆਖਰੀ ਗਰੁੱਪ ਮੈਚ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕਰ ਦਿਤਾ।
ਇੰਗਲੈਂਡ ਬੁਧਵਾਰ ਨੂੰ ਅਫਗਾਨਿਸਤਾਨ ਤੋਂ ਹਾਰ ਕੇ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਿਆ ਸੀ। ਉਹ ਸਨਿਚਰਵਾਰ ਨੂੰ ਗਰੁੱਪ ਬੀ ਦੇ ਅਪਣੇ ਆਖਰੀ ਮੈਚ ’ਚ ਦਖਣੀ ਅਫਰੀਕਾ ਨਾਲ ਭਿੜੇਗਾ।
ਇਸ 34 ਸਾਲ ਦੇ ਖਿਡਾਰੀ ਨੇ ਇੱਥੇ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਮੈਂ ਇੰਗਲੈਂਡ ਦੀ ਕਪਤਾਨੀ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ। ਇਹ ਮੇਰੇ ਅਤੇ ਟੀਮ ਲਈ ਸਹੀ ਫੈਸਲਾ ਹੈ। ਇਹ ਬਹੁਤ ਸਪੱਸ਼ਟ ਹੈ। ਨਤੀਜੇ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਮੇਰੀ ਕਪਤਾਨੀ ਲਈ ਮਹੱਤਵਪੂਰਨ ਸੀ। ਸਪੱਸ਼ਟ ਤੌਰ ’ਤੇ ਪਿਛਲੇ ਕੁੱਝ ਟੂਰਨਾਮੈਂਟਾਂ ਵਿਚ ਮਾੜੇ ਪ੍ਰਦਰਸ਼ਨ ਤੋਂ ਬਾਅਦ, ਹੁਣ ਇਸ ਟੂਰਨਾਮੈਂਟ ਤੋਂ ਦੋ ਹਾਰਾਂ ਨਾਲ ਮੈਨੂੰ ਲਗਦਾ ਹੈ ਕਿ ਇਹ ਸ਼ਾਇਦ ਮੇਰੇ ਅਤੇ ਮੇਰੀ ਕਪਤਾਨੀ ਲਈ ਰਾਹ ਦਾ ਅੰਤ ਹੈ, ਇਹ ਸ਼ਰਮ ਦੀ ਗੱਲ ਹੈ।’’
ਬਟਲਰ ਨੇ ਇਯੋਨ ਮੋਰਗਨ ਦੇ ਸੰਨਿਆਸ ਤੋਂ ਬਾਅਦ ਜੂਨ 2022 ’ਚ ਕਪਤਾਨੀ ਸੰਭਾਲੀ ਸੀ ਅਤੇ ਆਸਟਰੇਲੀਆ ’ਚ ਖੇਡੇ ਗਏ 2022 ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਨੂੰ ਜਿੱਤ ਦਿਵਾਈ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਟੀਮ ਅਪਣੇ 50 ਓਵਰਾਂ ਅਤੇ ਟੀ-20 ਵਿਸ਼ਵ ਕੱਪ ਖਿਤਾਬਾਂ ਦਾ ਬਚਾਅ ਕਰਨ ’ਚ ਅਸਫਲ ਰਹੀ। ਭਾਰਤ ’ਚ 2023 ’ਚ ਹੋਏ 50 ਓਵਰਾਂ ਦੇ ਵਿਸ਼ਵ ਕੱਪ ’ਚ ਇੰਗਲੈਂਡ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ ਹਾਰ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਅਸਫਲ ਰਿਹਾ ਸੀ।
ਉਹ ਪਿਛਲੇ ਸਾਲ ਵੈਸਟਇੰਡੀਜ਼ ’ਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਭਾਰਤ ਤੋਂ ਹਾਰ ਗਏ ਸਨ। ਉਨ੍ਹਾਂ ਕਿਹਾ, ‘‘ਇਹ ਮੇਰੇ ਲਈ, ਟੀਮ ਲਈ ਸਹੀ ਫੈਸਲਾ ਹੈ। ਕੋਈ ਆਵੇਗਾ ਅਤੇ ਬੈਜ (ਬ੍ਰੈਂਡਨ ਮੈਕੁਲਮ) ਨਾਲ ਕੰਮ ਕਰੇਗਾ। ਉਹ ਟੀਮ ਨੂੰ ਬਿਹਤਰ ਤਰੀਕੇ ਨਾਲ ਲੈ ਜਾਵੇਗਾ ਜਿੱਥੇ ਇਸ ਦੀ ਜ਼ਰੂਰਤ ਹੈ।’’
ਬਟਲਰ ਨੇ 44 ਵਨਡੇ ਮੈਚਾਂ ’ਚ ਇੰਗਲੈਂਡ ਦੀ ਕਪਤਾਨੀ ਕੀਤੀ ਹੈ, ਜਿਸ ’ਚ 18 ਜਿੱਤਾਂ ਅਤੇ 25 ਹਾਰਾਂ ਸ਼ਾਮਲ ਹਨ। ਉਨ੍ਹਾਂ ਦਾ ਟੀ-20 ਰੀਕਾਰਡ ਥੋੜ੍ਹਾ ਬਿਹਤਰ ਹੈ, ਜਿਸ ਨੇ 51 ਮੈਚਾਂ ’ਚ 22 ਹਾਰਾਂ ਅਤੇ 26 ਜਿੱਤਾਂ ਦਰਜ ਕੀਤੀਆਂ ਹਨ। ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਉਨ੍ਹਾਂ ਕਿਹਾ, ‘‘ਬ੍ਰੈਂਡਨ ਦੇ ਹਾਲ ਹੀ ’ਚ ਸੀਮਤ ਓਵਰਾਂ ਦੀ ਟੀਮ ’ਚ ਸ਼ਾਮਲ ਹੋਣ ਤੋਂ ਬਾਅਦ ਮੈਂ ਉਸ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਮੈਂ ਟੀਮ ਨੂੰ ਅੱਗੇ ਲਿਜਾਣ ਲਈ ਬਹੁਤ ਤੇਜ਼ੀ ਨਾਲ ਤਬਦੀਲੀ ਦੀ ਉਮੀਦ ਕਰ ਰਿਹਾ ਸੀ। ਪਰ ਇਹ ਇਸ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਇਸ ਲਈ ਇਹ ਮੇਰੇ ਅਤੇ ਟੀਮ ਲਈ ਵੀ ਬਦਲਾਅ ਦਾ ਸਹੀ ਸਮਾਂ ਹੈ।’’
ਬਟਲਰ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦੀ ਖੇਡ ਤੋਂ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਉਹ ਸੱਚਮੁੱਚ ਅਪਣੀ ਕ੍ਰਿਕਟ ਦਾ ਅਨੰਦ ਲੈਣਾ ਚਾਹੁੰਦੇ ਹਨ।