
ਮਨੂ ਭਾਕਰ ਨੇ ਇਕ ਮਹੀਨੇ 'ਚ ਜਿੱਤਿਆ ਤੀਜਾ ਸੋਨ ਤਮਗ਼ਾ
ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਸਿਰਜਦਿਆਂ ਇਕ ਮਹੀਨੇ 'ਚ ਤੀਜਾ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ ਹੈ। ਮਨੂ ਨੇ ਸਿਡਨੀ 'ਚ ਚੱਲ ਰਹੇ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਮਿਸ਼ਰਿਤ ਖੇਡਾਂ 'ਚ ਸਾਥੀ ਖਿਡਾਰੀ ਅਨਮੋਲ ਜੈਨ ਨਾਲ ਦੇਸ਼ ਦੀ ਝੋਲੀ ਸੋਨ ਤਮਗ਼ਾ ਪਾ ਦਿਤਾ। ਮਨੂ ਨੇ ਇਸ ਮੁਕਾਬਲੇ ਵਿਚ ਹੁਣ ਤਕ ਤਿੰਨ ਸੋਨ ਤਮਗ਼ੇ ਜਿੱਤੇ ਹਨ। ਇਸ ਤੋਂ ਪਹਿਲਾਂ ਮਨੂ ਨੇ ਮੈਕਸੀਕੋ ਵਿਚ ਵੀ ਦੋ ਗੋਲਡ ਮੈਡਲ ਜਿੱਤੇ। ਮਨੂ ਲਗਾਤਾਰ ਅਪਣੀ ਖੇਡ ਨਾਲ ਪ੍ਰਭਾਵਤ ਕਰਦੀ ਆ ਰਹੀ ਹੈ।ਜ਼ਿਕਰਯੋਗ ਹੈ ਕਿ ਸਿਡਨੀ 'ਚ ਚੱਲ ਰਹੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਪਹਿਲਾਂ ਮਨੂ ਨੇ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗ਼ਾ ਜਿੱਤਿਆ, ਉਸ ਤੋਂ ਬਾਅਦ 25 ਮੀਟਰ ਸਿੰਗਲ ਏਅਰ ਪਿਸਟਲ 'ਚ ਦੂਜਾ ਸੋਨ ਤਮਗ਼ਾ ਅਤੇ ਹੁਣ ਇਸੇ ਮੁਕਾਬਲੇ 'ਚ 10 ਮੀਟਰ ਏਅਰ ਪਿਸਟਲ ਮਿਸ਼ਰਤ ਮੁਕਾਬਲੇ 'ਚ ਸਾਥੀ ਖਿਡਾਰੀ ਅਨਮੋਲ ਜੈਨ ਨਾਲ ਸੋਨ ਤਮਗ਼ਾ ਜਿੱਤ ਕੇ ਦੇਸ਼ ਦੇ ਹਿੱਸੇ ਕੁਲ ਸੱਤ ਸੋਨ ਤਮਗ਼ੇ ਕਰ ਦਿਤੇ।
Manu- Anmol
ਇਸ ਮੁਕਾਬਲੇ 'ਚ ਮਨੂ ਨੇ ਇਕ ਹਫ਼ਤੇ 'ਚ ਤਿੰਨ ਸੋਨ ਤਮਗ਼ੇ ਜਿੱਤ ਕੇ ਦੇਸ਼ ਦੀ ਝੋਲੀ ਪਾ ਦਿਤੇ ਹਨ। ਕੱਲ੍ਹ ਵੀ ਮਨੂ ਦਾ 25 ਮੀਟਰ ਏਅਰ ਪਿਸਟਲ ਦਾ ਮੈਚ ਹੋਣਾ ਹੈ। ਇਸ ਤੋਂ ਬਾਅਦ ਮਨੂ ਕਾਮਨਵੈਲਥ ਖੇਡਾਂ 'ਚ ਹਿੱਸਾ ਲਵੇਗੀ। ਉਥੇ ਹੀ ਮਨੂ ਦੀ ਇਸ ਪ੍ਰਾਪਤੀ 'ਤੇ ਮਨੂ ਦੇ ਪਰਵਾਰ ਸਮੇਤ ਪਿੰਡ ਅਤੇ ਜ਼ਿਲ੍ਹੇ ਦੇ ਲੋਕ ਬਹੁਤ ਉਤਸ਼ਾਹਿਤ ਹਨ।ਪਿੰਡ ਦੇ ਲੋਕ ਬੇਟੀ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਮਨੂ ਆਏ ਅਤੇ ਮਨੂ ਦਾ ਸਵਾਗਤ ਕਰ ਕੇ ਉਸ ਨੂੰ ਸਿਰ ਅੱਖਾਂ 'ਤੇ ਬਿਠਾਇਆ ਜਾਵੇ। ਝੱਜਰ ਦੇ ਲੋਕ ਮਨੂ ਤੋਂ ਇਸ ਕਦਰ ਪ੍ਰਭਾਵਤ ਹਨ ਕਿ ਉਨ੍ਹਾਂ ਨੇ ਜ਼ਮੀਨ 'ਤੇ ਹੀ ਮਨੂ ਦੀਆਂ ਬੇਹੱਦ ਆਕਰਸ਼ਕ ਤਸਵੀਰਾਂ ਸੋਨ ਤਮਗ਼ੇ ਨਾਲ ਬਣਾ ਦਿਤੀਆਂ ਹਨ। (ਏਜੰਸੀ)