ਪਰਿਵਾਰ ਨੇ ਮ੍ਰਿਤਕ ਦੇਹ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ
ਖੰਨਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਰ ਵਿਚੋਂ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਪਰਿਵਾਰ ਨੂੰ ਖੰਨਾ 'ਚ ਮੌਤ ਦੀ ਖ਼ਬਰ ਮਿਲ ਗਈ ਹੈ। ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ 7 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਐਮਾਜ਼ਾਨ ਦੇ ਇੱਕ ਸ਼ੋਅਰੂਮ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਅਮਨਦੀਪ ਸਿੰਘ ਨੇ 7 ਸਾਲ ਬਾਅਦ ਦੀਵਾਲੀ 'ਤੇ ਆਉਣਾ ਸੀ। ਉਸ ਲਈ ਕੁੜੀ ਲੱਭਣੀ ਸੀ। ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਇਹ ਖੁਸ਼ੀ ਮਾਤਮ 'ਚ ਬਦਲ ਗਈ।
ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਰਹਿੰਦੇ ਉਸ ਦੇ ਦੋਸਤ ਮਦਦ ਕਰ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਮਨਦੀਪ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਹ ਆਪਣੀ ਮਾਂ ਦੇ ਵੀਜ਼ੇ ਲਈ ਕਾਗਜ਼ ਪੂਰੇ ਕਰ ਰਿਹਾ ਸੀ ਪਰ ਉਸ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ। ਮਾਂ ਇਹ ਕਹਿ ਕੇ ਬੇਹੋਸ਼ ਹੋ ਗਈ ਕਿ ਅਮਨਦੀਪ ਨੇ ਉਸ ਨੂੰ ਨਾਲ ਰੱਖਣ ਦਾ ਵਾਅਦਾ ਕਰਕੇ ਛੱਡ ਦਿੱਤਾ, 7 ਸਾਲਾਂ ਤੋਂ ਉਸ ਨੂੰ ਦੇਖਿਆ ਤੱਕ ਨਹੀਂ ਸੀ।
ਅਮਨਦੀਪ ਆਪਣੀ ਮਾਂ ਅਤੇ ਭਰਾ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ। ਰਾਤ ਨੂੰ ਫੋਨ ਆਇਆ ਪਰ ਦੇਰ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਫ਼ੋਨ ਨਹੀਂ ਚੁੱਕਿਆ ਜਾ ਸਕਿਆ। ਉਹ ਸਵੇਰੇ ਵੀ ਵਾਰ-ਵਾਰ ਫੋਨ ਕਰਦਾ ਰਿਹਾ ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਕਾਰ 'ਚੋਂ ਮਿਲੀ ਹੈ।