
‘ਬੈਂਟਰ ਵਿਦ ਦਿ ਬੁਆਏਜ਼’ ਪੋਡਕਾਸਟ ’ਤੇ ਕੀਤਾ ਹੈਰਾਨੀਜਨਕ ਪ੍ਰਗਟਾਵਾ, ਕਿਹਾ ਮੈਂ ਵੀ ਕੋਹਲੀ ਨੂੰ ਬੈਟ ਨਾਲ ਕੁੱਟਣ ਦੀ ਧਮਕੀ ਦੇ ਦਿਤੀ ਸੀ
ਕੇਪਟਾਊਨ: ਦਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਲਗਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਮੈਚ ਦੌਰਾਨ ਉਨ੍ਹਾਂ ’ਤੇ ਥੁੱਕ ਦਿਤਾ ਸੀ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਾਥੀ ਏ.ਬੀ. ਡਿਵਿਲੀਅਰਜ਼ ਦੇ ਕਹਿਣ ’ਤੇ ਦੋ ਸਾਲ ਬਾਅਦ ਮੁਆਫੀ ਮੰਗੀ ਸੀ।
ਐਲਗਰ ਨੇ ਦਸੰਬਰ ’ਚ ਭਾਰਤ ਵਿਰੁਧ ਦਖਣੀ ਅਫਰੀਕਾ ਦੀ ਘਰੇਲੂ ਮੈਦਾਨ ’ਤੇ ਦੋ ਟੈਸਟ ਮੈਚਾਂ ਦੀ ਲੜੀ ਖਤਮ ਹੋਣ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਰੈਗੂਲਰ ਕਪਤਾਨ ਤੇਂਬਾ ਬਾਵੁਮਾ ਦੀ ਗੈਰਹਾਜ਼ਰੀ ’ਚ ਉਨ੍ਹਾਂ ਨੇ ਇਸ ਮੈਚ ’ਚ ਟੀਮ ਦੀ ਕਮਾਨ ਸੰਭਾਲੀ ਸੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਇਹ ਘਟਨਾ ਕਿਸ ਸੀਰੀਜ਼ ’ਚ ਵਾਪਰੀ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਹ 2015 ’ਚ ਦਖਣੀ ਅਫਰੀਕਾ ਦਾ ਭਾਰਤ ਦੌਰਾ ਹੋ ਸਕਦਾ ਹੈ। ਐਲਗਰ ਨੇ ਇਕ ਪੋਡਕਾਸਟ ’ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦਾ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਨਾਲ ਝਗੜਾ ਹੋਇਆ ਸੀ।
ਐਲਗਰ ਨੇ ਇਹ ਟਿਪਣੀਆਂ ‘ਬੈਂਟਰ ਵਿਦ ਦਿ ਬੁਆਏਜ਼’ ਪੋਡਕਾਸਟ ’ਤੇ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਦਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਕ੍ਰਿਸ ਮੌਰਿਸ ਅਤੇ ਰਗਬੀ ਖਿਡਾਰੀ ਜੀਨ ਡਿਵਿਲੀਅਰਜ਼ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘‘ਭਾਰਤ ਦੀਆਂ ਪਿਚਾਂ ਮਜ਼ਾਕ ਵਰਗੀਆਂ ਸਨ। ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸ਼ਵਿਨ ਅਤੇ ਕੀ ਨਾਮ ਹੈ ਉਸ ਦਾ ਜਾਜੇਜਾ। ਜਾ-ਜਾ-ਜਾਜੇਜਾ (ਕਿਸੇ ਨੇ ਜਡੇਜਾ ਨੂੰ ਪਿੱਛੇ ਤੋਂ ਕਿਹਾ) ‘ਮੈਂ ‘ਜਾ-ਜਾ-ਜਾਜੇਜਾ’ ਤੋਂ ਅਪਣਾ ਬਚਾਅ ਕਰ ਰਿਹਾ ਹਾਂ ਅਤੇ ਕੋਹਲੀ ਨੇ ਮੇਰੇ ’ਤੇ ਥੁੱਕ ਦਿਤਾ।’’
ਐਲਗਰ ਨੇ ਦਾਅਵਾ ਕੀਤਾ ਕਿ ਉਸ ਨੇ ਬਦਲੇ ’ਚ ਕੋਹਲੀ ਨੂੰ ਗੰਦੀਆਂ ਗਾਲ੍ਹਾਂ ਕੱਢੀ। ਪੋਡਕਾਸਟ ਹੋਸਟ ਨੇ ਜਦੋਂ ਕੋਹਲੀ ਤੋਂ ਪੁਛਿਆ ਕਿ ਕੀ ਕੋਹਲੀ ਉਨ੍ਹਾਂ ਦੇ ਸ਼ਬਦਾਂ ਦਾ ਮਤਲਬ ਸਮਝ ਸਕਦੇ ਹਨ ਤਾਂ ਉਨ੍ਹਾਂ ਨੇ ਕਿਹਾ, ‘‘ਹਾਂ, ਉਹ ਸਮਝ ਗਏ ਹੋਣਗੇ ਕਿਉਂਕਿ ਏ.ਬੀ. ਡਿਵਿਲੀਅਰਜ਼ ਆਰ.ਸੀ.ਬੀ. ਵਿਚ ਉਨ੍ਹਾਂ ਦੇ ਸਾਥੀ ਸਨ। ਮੈਂ ਕਿਹਾ ‘ਜੇ ਤੂੰ ਇੰਜ ਕੀਤਾ ਤਾਂ ਮੈਂ ਤੈਨੂੰ ਅਪਣੇ ਬੈਟ ਨਾਲ ਕੁੱਟਾਂਗਾ।’’
ਦਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਜਦੋਂ ਡਿਵਿਲੀਅਰਜ਼ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਮਾਮਲਾ ਅਪਣੇ ਦੋਸਤ ਅਤੇ ਆਰ.ਸੀ.ਬੀ. ਟੀਮ ਦੇ ਸਾਥੀ ਕੋਲ ਉਠਾਇਆ। ਐਲਗਰ ਨੇ ਇਹ ਨਹੀਂ ਦਸਿਆ ਕਿ ਡਿਵਿਲੀਅਰਜ਼ ਨੇ ਕੋਹਲੀ ਨਾਲ ਇਸ ਘਟਨਾ ਬਾਰੇ ਕਦੋਂ ਚਰਚਾ ਕੀਤੀ? ਐਲਗਰ ਨੇ ਕਿਹਾ, ‘‘ਮੈਨੂੰ ਅਹਿਸਾਸ ਹੋਇਆ ਕਿ ਡਿਵਿਲੀਅਰਜ਼ ਨੂੰ ਪਤਾ ਸੀ ਕਿ ਉਸ ਨੇ ਕੀ ਕੀਤਾ ਹੈ ਅਤੇ ਉਹ ਉਸ ਕੋਲ ਗਿਆ ਅਤੇ ਕਿਹਾ ਕਿ ਯਾਰ, ਤੁਸੀਂ ਮੇਰੇ ਸਾਥੀ ’ਤੇ ਥੁੱਕ ਕਿਉਂ ਰਹੇ ਹੋ, ਇਹ ਚੰਗਾ ਨਹੀਂ ਹੈ ਅਤੇ ਦੋ ਸਾਲ ਬਾਅਦ ਉਸ (ਕੋਹਲੀ) ਨੇ ਦਖਣੀ ਅਫਰੀਕਾ ਵਿਚ ਇਕ ਮੈਚ ਦੌਰਾਨ ਮੈਨੂੰ ਇਕ ਪਾਸੇ ਬੁਲਾਇਆ ਅਤੇ ਕਿਹਾ ਕਿ ਕੀ ਅਸੀਂ ਸੀਰੀਜ਼ ਦੇ ਅੰਤ ਵਿਚ ਬੈਠ ਕੇ ਡ੍ਰਿੰਕ ਕਰ ਸਕਦੇ ਹਾਂ।’’ ਐਲਗਰ ਮੁਤਾਬਕ ਕੋਹਲੀ ਨੇ ਕਿਹਾ, ‘‘ਮੈਂ ਅਪਣੀ ਹਰਕਤ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ।’’
ਉਨ੍ਹਾਂ ਨੇ ਦਖਣੀ ਅਫਰੀਕਾ ’ਚ ਦੋ ਸਾਲ ਰਹਿਣ ਤੋਂ ਬਾਅਦ ਮੁਆਫੀ ਮੰਗੀ ਅਤੇ ਕਿਹਾ ਕਿ ਕੀ ਅਸੀਂ ਇਸ ਸੀਰੀਜ਼ ਤੋਂ ਬਾਅਦ ਇਕੱਠੇ ਸ਼ਰਾਬ ਪੀ ਸਕਦੇ ਹਾਂ? ਉਨ੍ਹਾਂ ਕਿਹਾ, ‘‘ਅਸੀਂ ਸਵੇਰੇ ਤਿੰਨ ਵਜੇ ਤਕ ਇਕੱਠੇ ਰਹੇ। ਇਹ ਉਦੋਂ ਦੀ ਗੱਲ ਹੈ ਜਦੋਂ ਉਹ ਸ਼ਰਾਬ ਪੀਂਦਾ ਹੁੰਦਾ ਸੀ। ਜ਼ਾਹਰ ਹੈ ਕਿ ਉਹ ਹੁਣ ਥੋੜ੍ਹਾ ਬਦਲ ਗਿਆ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੋਹਲੀ ਅਤੇ ਅਸ਼ਵਿਨ ਵਰਗੇ ਖਿਡਾਰੀਆਂ ਵਿਰੁਧ ਦਖਣੀ ਅਫਰੀਕਾ ਲਈ ਅਪਣਾ ਆਖਰੀ ਟੈਸਟ ਖੇਡਣ ਦਾ ਤਜਰਬਾ ਕਿਵੇਂ ਰਿਹਾ, ਐਲਗਰ ਨੇ ਕਿਹਾ, ‘‘ਸ਼ਾਨਦਾਰ। ਦਸੰਬਰ 2023 ’ਚ ਕੇਪਟਾਊਨ ’ਚ ਅਪਣੀ ਆਖਰੀ ਟੈਸਟ ਪਾਰੀ ’ਚ ਐਲਗਰ ਦੇ ਬੱਲੇ ਤੋਂ ਕੈਚ ਫੜਨ ਮਗਰੋਂ ਕੋਹਲੀ ਨੇ ਖੁੱਲ੍ਹ ਕੇ ਜਸ਼ਨ ਨਹੀਂ ਮਨਾਇਆ ਅਤੇ ਪੈਵੇਲੀਅਨ ਵਾਪਸ ਜਾਂਦੇ ਸਮੇਂ ਉਨ੍ਹਾਂ ਨੂੰ ਗਲੇ ਲਗਾ ਲਿਆ। ਕੋਹਲੀ ਨੇ ਉਸ ਨੂੰ ਅਪਣੀ ਇਕ ਟੈਸਟ ਜਰਸੀ ਵੀ ਦਿਤੀ।’’