
ਵਿਸ਼ਵ ਰੈਂਕਿੰਗ ਦੀ ਕ੍ਰਿਸਟੋਫ਼ਰਸਨ ਨੂੰ 21-19, 21-9 ਨਾਲ ਹਰਾਇਆ
ਨਵੀਂ ਦਿੱਲੀ : ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀਵੀ ਸਿੰਧੂ ਨੇ ਇੱਥੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ ਡੈਨਮਾਰਕ ਦੀ ਲਾਈਨ ਕ੍ਰਿਸਟੋਫ਼ਰਸਨ ਨੂੰ ਹਰਾ ਕੇ ਫ਼ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਵੀਰਵਾਰ ਦੇਰ ਰਾਤ ਖੇਡੇ ਗਏ ਮੈਚ ਵਿਚ ਵਿਸ਼ਵ ਰੈਂਕਿੰਗ ਦੀ 24ਵੀਂ ਰੈਂਕਿੰਗ ਦੀ ਕ੍ਰਿਸਟੋਫ਼ਰਸਨ ਨੂੰ 21-19, 21-9 ਨਾਲ ਹਰਾਇਆ। ਇਹ ਮੈਚ 37 ਮਿੰਟ ਤੱਕ ਚੱਲਿਆ।
Satwiksairaj
ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਦਾ ਕੁਆਰਟਰ ਫ਼ਾਈਨਲ ਵਿਚ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨਾਲ ਹੋਵੇਗਾ। ਉਸਨੇ ਪਿਛਲੇ ਹਫ਼ਤੇ ਡੈਨਮਾਰਕ ਓਪਨ ਵਿਚ ਬੁਸਾਨਨ ਨੂੰ ਹਰਾਇਆ ਸੀ। ਪੰਜਵਾਂ ਦਰਜਾ ਪ੍ਰਾਪਤ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਵੀ ਹਮਵਤਨ ਐਮਆਰ ਅਰਜੁਨ ਅਤੇ ਧਰੁਵ ਕਪਿਲਾ ਨੂੰ 15-21, 21-10, 21-19 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿਚ ਪ੍ਰਵੇਸ਼ ਕੀਤਾ।
chirag shetty
ਭਾਰਤੀ ਜੋੜੀ ਹੁਣ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਚੌਥਾ ਦਰਜਾ ਪ੍ਰਾਪਤ ਮਲੇਸ਼ੀਆ ਦੀ ਜੋੜੀ ਨਾਲ ਭਿੜੇਗੀ। ਪੁਰਸ਼ ਸਿੰਗਲਜ਼ ਵਿਚ ਸੌਰਭ ਵਰਮਾ ਹਾਲਾਂਕਿ ਦੂਜੇ ਦੌਰ ਵਿੱਚ ਜਾਪਾਨ ਦੇ ਕੇਂਤਾ ਨਿਸ਼ਿਮੋਟੋ ਤੋਂ 12-21, 9-21 ਨਾਲ ਹਾਰ ਕੇ ਮੁਕਾਬਲੇ ਵਿਚੋਂ ਬਾਹਰ ਹੋ ਗਿਆ। ਨੌਜਵਾਨ ਲਕਸ਼ਯ ਸੇਨ ਨੇ ਵੀਰਵਾਰ ਨੂੰ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਆਸਾਨ ਜਿੱਤ ਨਾਲ ਤੀਜੇ ਦੌਰ 'ਚ ਪ੍ਰਵੇਸ਼ ਕੀਤਾ।