ਪੰਜਾਬ ਦਾ ਅਕਸ਼ਦੀਪ ਸਿੰਘ ਪਹਿਲਾਂ ਹੀ ਓਲੰਪਿਕ ਲਈ ਕੁਆਲੀਫਾਈ ਕਰ ਚੁਕਾ ਹੈ
ਚੰਡੀਗੜ੍ਹ: ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਮੰਗਲਵਾਰ ਨੂੰ ਇੱਥੇ ਨੈਸ਼ਨਲ ਓਪਨ ਦੇ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਦੌੜ ਮੁਕਾਬਲੇ ਵਿਚ ਅਪਣਾ ਹੀ ਕੌਮੀ ਰੀਕਾਰਡ ਤੋੜ ਦਿਤਾ।
ਰਾਂਚੀ ’ਚ ਨੈਸ਼ਨਲ ਓਪਨ ਰੇਸ ਵਾਕਿੰਗ ਈਵੈਂਟ 2023 ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਨੇ ਇਕ ਘੰਟੇ 19 ਮਿੰਟ 38 ਸੈਕਿੰਡ ਦਾ ਅਪਣਾ ਹੀ ਰੀਕਾਰਡ ਇਕ ਘੰਟੇ 19 ਮਿੰਟ 38 ਸੈਕਿੰਡ ਦਾ ਲੈ ਕੇ ਤੋੜ ਦਿਤਾ। ਉਤਰਾਖੰਡ ਦੇ ਸੂਰਜ ਪੰਵਾਰ ਪੈਰਿਸ ਓਲੰਪਿਕ ਦੇ ਕੁਆਲੀਫਾਇੰਗ ਅੰਕ 1:20:10 ਸੈਕਿੰਡ ਪਾਰ ਕਰ ਕੇ ਦੂਜੇ ਸਥਾਨ ’ਤੇ ਰਹੇ। ਉਸ ਨੇ ਇਕ ਘੰਟਾ 19 ਮਿੰਟ 43 ਸਕਿੰਟ ਦਾ ਸਮਾਂ ਲਿਆ। ਤਾਮਿਲਨਾਡੂ ਦੇ ਸਰਵਿਨ ਸੇਬਾਸਟੀਅਨ (1:20:00, 3) ਅਤੇ ਚੌਥੇ ਸਥਾਨ ’ਤੇ ਰਹੇ ਪੰਜਾਬ ਦੇ ਅਰਸ਼ਪ੍ਰੀਤ ਸਿੰਘ (1:20:04) ਨੇ ਵੀ ਪੈਰਿਸ ਓਲੰਪਿਕ ਕੁਆਲੀਫਾਇੰਗ ਸਟੈਂਡਰਡ ਹਾਸਲ ਕੀਤਾ।
ਛੇ ਭਾਰਤੀ ਐਥਲੀਟਾਂ ਨੇ ਪੈਰਿਸ ਓਲੰਪਿਕ ’ਚ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਦੌੜ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ। ਪ੍ਰੇਮਜੀਤ ਸਿੰਘ ਬਿਸ਼ਟ ਅਤੇ ਵਿਕਾਸ ਸਿੰਘ ਨੇ ਵੀ ਕੁਆਲੀਫਾਈ ਕੀਤਾ ਹੈ। ਦੋਹਾਂ ਨੇ ਪਿਛਲੇ ਸਾਲ ਜਾਪਾਨ ’ਚ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਦੌਰਾਨ ਇਹ ਪ੍ਰਾਪਤੀ ਹਾਸਲ ਕੀਤੀ ਸੀ। ਇਕ ਦੇਸ਼ ਦੇ ਸਿਰਫ ਤਿੰਨ ਐਥਲੀਟ ਵਿਅਕਤੀਗਤ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਹਿੱਸਾ ਲੈ ਸਕਦੇ ਹਨ ਅਤੇ ਹੁਣ ਭਾਰਤੀ ਅਥਲੈਟਿਕਸ ਫੈਡਰੇਸ਼ਨ ਇਹ ਫੈਸਲਾ ਕਰੇਗੀ ਕਿ ਛੇ ਵਿਚੋਂ ਕੌਣ ਪੈਰਿਸ ਜਾਵੇਗਾ। ਮੁੱਖ ਅਥਲੈਟਿਕਸ ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਕਿਹਾ ਕਿ ਆਖ਼ਰੀ ਚੋਣ ਜੂਨ ’ਚ ਕੀਤੀ ਜਾਵੇਗੀ।
ਅਕਸ਼ਦੀਪ ਨੇ ਮੁਕਾਬਲੇ ਤੋਂ ਬਾਅਦ ਕਿਹਾ, ‘‘ਮੈਨੂੰ ਸੱਟਾਂ ਤੋਂ ਬਚਣ ਅਤੇ ਆਉਣ ਵਾਲੇ ਹਫਤਿਆਂ ਵਿਚ ਅਪਣੇ ਪ੍ਰਦਰਸ਼ਨ ਦੇ ਪੱਧਰ ਨੂੰ ਬਣਾਈ ਰੱਖਣ ਲਈ ਸਮਝਦਾਰ ਹੋਣਾ ਪਵੇਗਾ।’’