
ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਖਹਿਰਾ ਵਰਤ ਰਹੇ ਬੀਬੀ ਖਾਲੜਾ ਦਾ ਨਾਂਅ: ਜੇਜੇ ਸਿੰਘ
ਅੰਮ੍ਰਿਤਸਰ: ਜਨਰਲ ਜੇਜੇ ਸਿੰਘ ਨੇ ਸੁਖਪਾਲ ਖਹਿਰਾ ਦੀ ਅਪੀਲ ਨੂੰ ਅਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਹੁਣ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਪਿੱਛੇ ਨਹੀਂ ਹੱਟ ਸਕਦੇ ਕਿਉਂਕਿ ਬੀਬੀ ਖਾਲੜਾ ਨਾਲੋਂ ਪਹਿਲਾਂ ਉਨ੍ਹਾਂ ਦੇ ਨਾਂਅ ਦਾ ਐਲਾਨ ਹੋਇਆ ਸੀ ਅਤੇ ਉਹ ਵੀ ਬੀਬੀ ਖਾਲੜਾ ਦੀ ਤਰ੍ਹਾਂ ਇਕ ਪੰਥਕ ਚਿਹਰਾ ਹਨ। ਜੇਜੇ ਸਿੰਘ ਨੇ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ ਕੁਝ ਲੋਕ ਉਨ੍ਹਾਂ ਦੇ ਚੋਣ ਲੜਨ ਦੇ ਫ਼ੈਸਲੇ ਤੋਂ ਨਾਰਾਜ਼ ਹਨ। ਹਾਲਾਂਕਿ ਜੇਜੇ ਸਿੰਘ ਚੋਣਾਂ ਤੋਂ ਪਿੱਛੇ ਹਟਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਦੇ ਨਾਂਅ ਤੋਂ ਪਹਿਲਾਂ ਉਨ੍ਹਾਂ ਦੇ ਨਾਂਅ ਦਾ ਐਲਾਨ ਹੋਇਆ ਸੀ ਤੇ ਉਹ ਹੁਣ ਪਿੱਛੇ ਨਹੀਂ ਹੱਟ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ ਸੁਝਾਅ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਪਹਿਲਾਂ ਹੀ ਕਰ ਦਿਤਾ ਗਿਆ ਸੀ ਜਦਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਉਮੀਦਵਾਰੀ ਦਾ ਐਲਾਨ ਦੋ ਦਿਨ ਬਾਅਦ ਕੀਤਾ ਗਿਆ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਂਅ ਦਾ ਇਸਤੇਮਾਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੰਕੇਤ ਦਿਤੇ ਹਨ ਕਿ ਉਹ ਖਡੂਰ ਸਾਹਿਬ ਸੀਟ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇ ਸਕਦੇ ਹਨ ਤੇ ਅਪਣਾ ਉਮੀਦਵਾਰ ਸੇਵਾਮੁਕਤ ਜਨਰਲ ਜੇਜੇ ਸਿੰਘ ਵਾਪਸ ਲੈ ਸਕਦੇ ਹਨ।
ਉੱਧਰ ਦੂਜੇ ਪਾਸੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਜਨਰਲ ਜੇਜੇ ਸਿੰਘ ਨੇ ਚੋਣ ਮੈਦਾਨ ਵਿਚੋਂ ਬਾਹਰ ਕਰਨ ਲਈ ਸਪੱਸ਼ਟ ਰੂਪ ਤੋਂ ਮਨ੍ਹਾ ਕਰ ਦਿਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਖਾਲੜਾ ਪਰਵਾਰ ਦਾ ਯੋਗਦਾਨ ਵੱਡਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਦੋ ਪੰਥਕ ਸ਼ਖ਼ਸੀਅਤਾਂ ਨਾਲ ਵੋਟਾਂ ਵੰਡੀਆਂ ਜਾਣਗੀਆਂ।