
ਭਾਰਤ ਨੂੰ ਚੈਂਪੀਅਨਜ਼ ਟਰਾਫੀ ਹਾਕੀ ਦੇ ਫਾਈਨਲ 'ਚ ਪਹੁੰਚਣ ਲਈ ਮੇਜ਼ਬਾਨ ਨੀਦਰਲੈਂਡ ਦੇ ਨਾਲ ਸ਼ਨੀਵਾਰ ਨੂੰ ਆਪਣੇ ਆਖ਼ਰੀ ਰਾਊਂਡ ਰੋਬਿਨ ਮੈਚ 'ਚ ਘੱਟੋ-ਘੱਟ...
ਬ੍ਰੇਡਾ, ਭਾਰਤ ਨੂੰ ਚੈਂਪੀਅਨਜ਼ ਟਰਾਫੀ ਹਾਕੀ ਦੇ ਫਾਈਨਲ 'ਚ ਪਹੁੰਚਣ ਲਈ ਮੇਜ਼ਬਾਨ ਨੀਦਰਲੈਂਡ ਦੇ ਨਾਲ ਸ਼ਨੀਵਾਰ ਨੂੰ ਆਪਣੇ ਆਖ਼ਰੀ ਰਾਊਂਡ ਰੋਬਿਨ ਮੈਚ 'ਚ ਘੱਟੋ-ਘੱਟ ਡਰਾਅ ਖੇਡਣਾ ਹੋਵੇਗਾ। ਅੱਠ ਵਾਰ ਦੇ ਓਲੰਪਿਕ ਜੇਤੂ ਭਾਰਤ ਮੁਕਾਬਲਾ ਜਿੱਤਣ ਜਾਂ ਡਰਾਅ ਕਰਨ 'ਚ ਸਫਲ ਰਿਹਾ ਤਾਂ ਲਗਾਤਾਰ ਦੂਜੀ ਵਾਰ ਇਸ ਪ੍ਰਸਿੱਧ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇਗਾ। ਭਾਰਤ ਇਸ ਸਮੇਂ ਦੋ ਜਿੱਤ, ਇਕ ਹਾਰ ਅਤੇ ਇਕ ਡਰਾਅ ਦੇ ਨਾਲ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਹੈ। ਸਾਬਕਾ ਜੇਤੂ ਅਤੇ ਵਿਸ਼ਵ ਜੇਤੂ ਆਸਟਰੇਲੀਆ 10 ਅੰਕਾਂ ਦੇ ਨਾਲ ਚੋਟੀ 'ਤੇ ਹੈ ਅਤੇ ਪਹਿਲਾਂ ਹੀ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾ ਚੁੱਕਾ ਹੈ।
6 ਦੇਸ਼ਾਂ ਦੇ ਟੂਰਨਾਮੈਂਟ ਦੇ ਨਿਯਮਾਂ ਦੇ ਤਹਿਤ ਰਾਊਂਡ ਰੋਬਿਨ ਪੜਾਅ 'ਚ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਫਾਈਨਲ 'ਚ ਜਗ੍ਹਾ ਬਣਾਦੀਆਂ ਹਨ। ਜਦਕਿ ਭਾਰਤ ਦੇ ਉਲਟ ਨੀਦਰਲੈਂਡ ਨੂੰ ਫਾਈਨਲ 'ਚ ਪਹੁੰਚਣ ਲਈ ਮੁਕਾਬਲਾ ਜਿੱਤਣਾ ਹੀ ਹੋਵੇਗਾ। ਇਕ ਹੋਰ ਮੈਚ 'ਚ ਆਸਟਰੇਲੀਆ ਸ਼ੁੱਕਰਵਾਰ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਭਿੜੇਗਾ। ਹਾਲਾਂਕਿ ਮੈਚ ਦਾ ਕੋਈ ਮਹਤੱਵ ਨਹੀਂ ਹੈ ਕਿਉਂਕਿ ਆਸਟਰੇਲੀਆ ਫਾਈਨਲ 'ਚ ਪਹੁੰਚ ਚੁੱਕਾ ਹੈ ਅਤੇ ਅਰਜਨਟੀਨਾ ਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਹੈ।
ਵੀਰਵਾਰ ਨੂੰ ਭਾਰਤ ਨੇ ਇੱਥੇ ਰਾਊਂਡ ਰੋਬਿਨ ਮੈਚ 'ਚ ਅੰਤ 'ਚ ਗੋਲ ਗੁਆ ਕੇ ਬੈਲਜੀਅਮ ਨਾਲ 1-1 ਨਾਲ ਡਰਾਅ ਖੇਡਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਵੀ 2-1 ਨਾਲ ਹਰਾਇਆ। ਪਰ ਉਸ ਨੂੰ ਪਿਛਲੀ ਚੈਂਪੀਅਨ ਅਤੇ ਵਿਸਵ ਚੈਂਪੀਅਨ ਆਸਟਰੇਲੀਆ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। (ਏਜੰਸੀ)