
ਆਯੋਜਕਾਂ ਨੂੰ ਉਮੀਦ, ਬੁਧਵਾਰ ਨੂੰ ਹੋ ਸਕਣਗੇ ਮੁਕਾਬਲੇ
ਪੈਰਿਸ: ਸੀਨ ਨਦੀ ਵਿਚ ਪਾਣੀ ਦੀ ਗੁਣਵੱਤਾ ਦੀ ਚਿੰਤਾ ਵਿਚਾਲੇ ਪੁਰਸ਼ ਉਲੰਪਿਕ ਟਰਾਈਥਲੋਨ ਮੁਕਾਬਲੇ ਨੂੰ ਰੱਦ ਕਰ ਦਿਤਾ ਗਿਆ ਹੈ। ਸੀਨ ਨਦੀ ’ਤੇ ਇਸ ਖੇਡ ਦਾ ਤੈਰਾਕੀ ਮੁਕਾਬਲਾ ਹੋਣਾ ਹੈ। ਆਯੋਜਕਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਬੁਧਵਾਰ ਨੂੰ ਮੁਕਾਬਲੇ ਕਰਵਾ ਸਕਣਗੇ। ਆਯੋਜਕਾਂ ਨੇ ਕਿਹਾ ਕਿ ਉਹ ਬੁਧਵਾਰ ਨੂੰ ਪੁਰਸ਼ਾਂ ਦੀ ਟਰਾਈਥਲੋਨ ਆਯੋਜਿਤ ਕਰਨ ਦੀ ਕੋਸ਼ਿਸ਼ ਕਰਨਗੇ। ਔਰਤਾਂ ਦਾ ਮੁਕਾਬਲਾ ਵੀ ਬੁਧਵਾਰ ਨੂੰ ਹੋਣਾ ਹੈ ਪਰ ਦੋਵਾਂ ਦੀ ਹੋਲਡਿੰਗ ਪਾਣੀ ਦੀ ਗੁਣਵੱਤਾ ’ਤੇ ਨਿਰਭਰ ਕਰੇਗੀ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਸ਼ਾਮ ਨੂੰ ਤੂਫ਼ਾਨ ਆ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਭਾਰੀ ਮੀਂਹ ਆਮ ਤੌਰ ’ਤੇ ਸੀਨ ਨਦੀ ਵਿਚ ਬੈਕਟੀਰੀਆ ਦਾ ਪੱਧਰ ਵਧਣ ਦਾ ਕਾਰਨ ਬਣਦਾ ਹੈ। ਪੈਰਿਸ ਵਿਚ ਸ਼ੁਕਰਵਾਰ ਨੂੰ ਉਲੰਪਿਕ ਉਦਘਾਟਨੀ ਸਮਾਰੋਹ ਦੌਰਾਨ ਭਾਰੀ ਮੀਂਹ ਪਿਆ ਅਤੇ ਇਹ ਸਨਿਚਰਵਾਰ ਨੂੰ ਵੀ ਜਾਰੀ ਰਿਹਾ। ਸੀਨ ਨਦੀ ਵਿਚ ਪਾਣੀ ਦੀ ਗੁਣਵੱਤਾ ਬਾਰੇ ਚਿੰਤਾਵਾਂ ਕਾਰਨ ਐਤਵਾਰ ਅਤੇ ਸੋਮਵਾਰ ਨੂੰ ਟਰਾਈਥਲੋਨ ਅਭਿਆਸ ਸੈਸ਼ਨਾਂ ਨੂੰ ਰੱਦ ਕਰਨਾ ਪਿਆ।
ਪੈਰਿਸ ਉਲੰਪਿਕ ’ਤੇ ਮੀਂਹ ਤੋਂ ਬਾਅਦ ਹੁਣ ਲੂ ਦਾ ਖ਼ਤਰਾ
ਪੈਰਿਸ: ਪੈਰਿਸ ਉਲੰਪਿਕ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਦੌਰਾਨ ਮੀਂਹ ਨਾਲ ਹੋਈ ਜਿਸ ਨੇ ਦਰਸ਼ਕਾਂ ਦੇ ਨਾਲ-ਨਾਲ ਖਿਡਾਰੀਆਂ ਨੂੰ ਵੀ ਗਿੱਲਾ ਕਰ ਦਿਤਾ ਪਰ ਹੁਣ ਇੱਥੇ ਗਰਮੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਮੰਗਲਵਾਰ ਨੂੰ ਇੱਥੇ ਬਹੁਤ ਜ਼ਿਆਦਾ ਗਰਮੀ ਮਹਿਸੂਸ ਕੀਤੀ ਗਈ ਅਤੇ ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਕਿ ਫ਼ਰਾਂਸ ਦੇ ਜ਼ਿਆਦਾਤਰ ਹਿਸਿਆਂ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਪੈਰਿਸ ਅਤੇ ਆਸਪਾਸ ਦੇ ਖੇਤਰਾਂ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਪਹੁੰਚਣ ਦੀ ਸੰਭਾਵਨਾ ਹੈ।
ਫ਼ਰਾਂਸ ਦੇ ਦੱਖਣੀ ਹਿੱਸੇ ਵਿਚ ਗਰਮੀ ਹੋਰ ਤਬਾਹੀ ਮਚਾ ਸਕਦੀ ਹੈ। ਇਸ ਵਿਚ ਭੂ-ਮੱਧ ਸਾਗਰ ਦਾ ਤੱਟਵਰਤੀ ਸ਼ਹਿਰ ਮਾਰਸਿਲੇ ਵੀ ਸ਼ਾਮਲ ਹੈ, ਜੋ ਕਿ ਫ਼ੁਟਬਾਲ ਅਤੇ ਸਮੁੰਦਰੀ ਸਫ਼ਰ ਵਰਗੇ ਉਲੰਪਿਕ ਸਮਾਗਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਸੋਮਵਾਰ ਨੂੰ ਦੱਖਣੀ ਫ਼ਰਾਂਸ ਦੇ ਕੱੁਝ ਹਿਸਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਮੰਗਲਵਾਰ ਨੂੰ ਇਸ ’ਚ ਹੋਰ ਵਾਧੇ ਦੀ ਸੰਭਾਵਨਾ ਹੈ।
ਮੀਂਹ ਕਾਰਨ ਖੇਡਾਂ ਦੀ ਖ਼ਰਾਬ ਸ਼ੁਰੂਆਤ ਤੋਂ ਬਾਅਦ ਹੁਣ ਪ੍ਰਬੰਧਕਾਂ ਵਲੋਂ ਖਿਡਾਰੀਆਂ ਤੇ ਦਰਸ਼ਕਾਂ ਨੂੰ ਗਰਮੀ ਤੋਂ ਬਚਣ ਦੀ ਚੇਤਾਵਨੀ ਦਿਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿਚ ਸ਼ਾਮ ਨੂੰ ਇੱਥੇ ਤੂਫ਼ਾਨ ਆਉਣ ਦੀ ਵੀ ਭਵਿੱਖਬਾਣੀ ਕੀਤੀ ਹੈ।