
ਲੀਗ ਗੇੜ ’ਚ ਪਾਕਿਸਤਾਨ ਤੋਂ ਮਿਲੀ ਹਾਰ ਦਾ ਬਦਲਾ ਲਿਆ
ਹਾਂਗਜ਼ੂ: ਸਿਖਰਲਾ ਦਰਜਾ ਪ੍ਰਾਪਤ ਭਾਰਤ ਨੇ ਸ਼ਨਿਚਰਵਾਰ ਨੂੰ ਏਸ਼ੀਆਈ ਖੇਡਾਂ ਦੇ ਪੁਰਸ਼ ਟੀਮ ਸਕੁਐਸ਼ ਮੁਕਾਬਲੇ ’ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿਚ ਹਰਾ ਕੇ ਸੋਨ ਤਗਮਾ ਜਿੱਤ ਲਿਆ।
ਦਿਨ ਦਾ ਹੀਰੋ ਚੇਨਈ ਦਾ ਅਭੈ ਸਿੰਘ ਸੀ ਜਿਸ ਨੇ ਸ਼ਾਨਦਾਰ ਦ੍ਰਿੜਤਾ ਵਿਖਾਉਂਦੇ ਹੋਏ ਨੂਰ ਜ਼ਮਾਨ ਨੂੰ 3-2 ਨਾਲ ਹਰਾਇਆ। ਇਸ ਮੈਚ ’ਚ 25 ਸਾਲਾਂ ਦੇ ਭਾਰਤੀ ਖਿਡਾਰੀ ਨੇ ਦੋ ਸੋਨ ਤਗ਼ਮਾ ਪੁਆਇੰਟ ਬਚਾਏ ਅਤੇ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਉਸ ਨੇ ਅਪਣਾ ਰੈਕੇਟ ਹਵਾ ’ਚ ਉਡਾ ਦਿਤਾ।
ਇਸ ਤੋਂ ਪਹਿਲਾਂ ਤਜਰਬੇਕਾਰ ਸੌਰਵ ਘੋਸ਼ਾਲ ਨੇ ਮੁਹੰਮਦ ਅਸੀਮ ਖਾਨ ’ਤੇ 3-0 ਨਾਲ ਜਿੱਤ ਦਰਜ ਕਰ ਕੇ ਭਾਰਤ ਨੂੰ ਮੁਕਾਬਲੇ ’ਚ ਵਾਪਸੀ ਕਰਵਾਈ ਕਿਉਂਕਿ ਮਹੇਸ਼ ਮੰਗਾਵੰਕਰ ਪਹਿਲੇ ਮੈਚ ’ਚ ਇਕਬਾਲ ਨਾਸਿਰ ਤੋਂ ਉਸੇ ਫਰਕ ਨਾਲ ਹਾਰ ਗਏ ਸਨ।
ਇਸ ਤਰ੍ਹਾਂ ਭਾਰਤ ਨੇ ਲੀਗ ਗੇੜ ’ਚ ਪਾਕਿਸਤਾਨ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤ ਨੇ ਇੰਚੀਓਨ 2014 ’ਚ ਪੁਰਸ਼ ਟੀਮ ਸਕੁਐਸ਼ ’ਚ ਸੋਨ ਤਮਗਾ ਜਿੱਤਿਆ ਸੀ ਜਦਕਿ ਪਾਕਿਸਤਾਨ ਨੇ ਪਿਛਲਾ ਸੋਨ ਤਮਗਾ ਗਵਾਂਗਜ਼ੂ 2010 ’ਚ ਜਿੱਤਿਆ ਸੀ।