ਪ੍ਰੋ ਲੀਗ ਦਾ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ਵਿਚ ਸ਼ੁਰੂ ਹੋਵੇਗਾ
ਨਵੀਂ ਦਿੱਲੀ: ਆਗਾਮੀ ਪ੍ਰੋ ਲੀਗ ਸੀਜ਼ਨ ਤੋਂ ਪਹਿਲਾਂ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਸਮੇਤ ਤਿੰਨ ਖਿਡਾਰੀਆਂ ਨੂੰ ਸੰਭਾਵੀ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਕਰਨ ਦਾ ਫੈਸਲਾ ਬਹੁਤ ਸਾਰੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ ਪਰ ਟੀਮ ਦੇ ਸੂਤਰਾਂ ਮੁਤਾਬਕ ਇਹ ਫੈਸਲਾ ਪਿਛਲੇ ਸਾਲ ਦਸੰਬਰ ’ਚ ਦਖਣੀ ਅਫਰੀਕਾ ਦੌਰੇ ਦੌਰਾਨ ‘ਅਨੁਸ਼ਾਸਨ’ ਕਾਰਨਾਂ ਕਰ ਕੇ ਲਿਆ ਗਿਆ ਸੀ।
ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਛੱਡਣ ਦਾ ਫੈਸਲਾ ਦਸੰਬਰ ’ਚ ਦਖਣੀ ਅਫਰੀਕਾ ਦੌਰੇ ਦੌਰਾਨ ਲਿਆ ਗਿਆ ਸੀ। ਸੂਤਰਾਂ ਨੇ ਕਿਹਾ, ‘‘ਦਖਣੀ ਅਫਰੀਕਾ ਦੌਰੇ ਦੌਰਾਨ ਅਨੁਸ਼ਾਸਨਹੀਣਤਾ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਚੌਥਾ ਖਿਡਾਰੀ ਸ਼ਾਮਲ ਸੀ, ਜਿਸ ਦਾ ਨਾਂ ਨਹੀਂ ਦਸਿਆ ਜਾ ਸਕਿਆ।
ਬਾਅਦ ਵਿਚ ਖਿਡਾਰੀਆਂ ਨੇ ਅਪਣੇ ਸਾਥੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥ ਖੁਆਉਣ ਲਈ ਮੁਆਫੀ ਮੰਗੀ ਪਰ ਉਨ੍ਹਾਂ ਨੂੰ ਆਉਣ ਵਾਲੇ ਕੈਂਪ ਤੋਂ ਬਾਹਰ ਰੱਖਣ ਦੇ ਫੈਸਲੇ ਦਾ ਐਲਾਨ ਟੀਮ ਦੀ ਮੀਟਿੰਗ ਵਿਚ ਕੀਤਾ ਗਿਆ।’’ ਹਾਕੀ ਇੰਡੀਆ ਨੇ ਸੰਭਾਵੀ ਖਿਡਾਰੀਆਂ ਦੀ ਸੂਚੀ ਦਾ ਐਲਾਨ ਕੀਤਾ। ਪ੍ਰੋ ਲੀਗ ਦਾ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ਵਿਚ ਸ਼ੁਰੂ ਹੋਵੇਗਾ। ਮਨਪ੍ਰੀਤ ਦੀ ਸਹਿ-ਕਪਤਾਨੀ ’ਚ ਰਾਂਚੀ ਰਾਇਲਜ਼ ਦੀ ਟੀਮ ਹਾਕੀ ਇੰਡੀਆ ਲੀਗ ਦੇ ਫਾਈਨਲ ’ਚ ਪਹੁੰਚੀ ਸੀ ਅਤੇ ਟੂਰਨਾਮੈਂਟ ’ਚ ਉਨ੍ਹਾਂ ਦਾ ਪ੍ਰਦਰਸ਼ਨ ਵੀ ਸ਼ਲਾਘਾਯੋਗ ਰਿਹਾ, ਜਿਸ ਨਾਲ ਉਨ੍ਹਾਂ ਨੂੰ ਬਾਹਰ ਕੱਢਣ ਉਤੇ ਸਵਾਲ ਖੜ੍ਹੇ ਹੋ ਜਾਂਦੇ ਹਨ। (ਪੀਟੀਆਈ)
