
ਅਸ਼ਵਨੀ ਕੁਮਾਰ ਨੇ ਪਹਿਲੇ ਹੀ ਮੈਚ ’ਚ ਬਣਾਇਆ ਰੀਕਾਰਡ, IPL ਡੈਬਿਊ ਮੈਚ ’ਚ ਚਾਰ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ
ਮੁੰਬਈ : ਅਸ਼ਵਨੀ ਕੁਮਾਰ ਦੀਆਂ ਰੀਕਾਰਡ ਚਾਰ ਵਿਕਟਾਂ ਅਤੇ ਰਿਆਨ ਰਿਕੇਲਟਨ ਦੀਆਂ ਨਾਬਾਦ 62 ਦੌੜਾਂ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾ ਦਿਤਾ।
ਪੰਜਾਬ ਦੇ ਝੰਜੇੜੀ ਦਾ ਰਹਿਣ ਵਾਲਾ 23 ਸਾਲ ਦਾ ਅਸ਼ਵਨੀ IPL ਡੈਬਿਊ ਮੈਚ ’ਚ ਚਾਰ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ। ਚਾਰ ਲਿਸਟ ਏ ਮੈਚਾਂ ਅਤੇ ਦੋ ਰਣਜੀ ਟਰਾਫੀ ਮੈਚਾਂ ਤੋਂ ਇਲਾਵਾ ਸਿਰਫ ਚਾਰ ਸੀਨੀਅਰ ਟੀ-20 ਮੈਚ ਖੇਡਣ ਵਾਲੇ ਅਸ਼ਵਨੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਦੇ ਦਬਦਬੇ ਦਾ ਪ੍ਰਦਰਸ਼ਨ ਕੀਤਾ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਸ਼ਵਨੀ ਨੇ ਅਜਿੰਕਿਆ ਰਹਾਣੇ (11), ਰਿੰਕੂ ਸਿੰਘ (17), ਮਨੀਸ਼ ਪਾਂਡੇ (17) ਅਤੇ ਆਂਦਰੇ ਰਸਲ (5) ਦੀ ਵਿਕੇਟ ਲੈ ਕੇ ਨਾਲ ਨਾਈਟ ਰਾਈਡਰਜ਼ ਦੀ ਕਮਰ ਤੋੜ ਦਿਤੀ। ਉਸ ਨੂੰ ‘ਪਲੇਅਰ ਆਫ਼ ਦ ਮੈਚ’ ਵੀ ਐਲਾਨ ਕੀਤਾ ਗਿਆ।
ਦੀਪਕ ਚਾਹਰ (19 ਦੌੜਾਂ ’ਤੇ 2 ਵਿਕਟਾਂ), ਟ੍ਰੈਂਟ ਬੋਲਟ (23 ਦੌੜਾਂ ’ਤੇ ਇਕ ਵਿਕਟ) ਅਤੇ ਹਾਰਦਿਕ ਪਾਂਡਿਆ (10 ਦੌੜਾਂ ’ਤੇ ਇਕ ਵਿਕਟ) ਨੇ ਸਮੂਹਿਕ ਗੇਂਦਬਾਜ਼ੀ ਦਾ ਪ੍ਰਦਰਸ਼ਨ ਯਕੀਨੀ ਬਣਾਇਆ ਜਿਸ ਨਾਲ ਕੇ.ਕੇ.ਆਰ. ਇਸ ਸੀਜ਼ਨ ਦੇ ਸੱਭ ਤੋਂ ਘੱਟ ਸਕੋਰ ’ਤੇ ਢੇਰ ਹੋ ਗਈ ਅਤੇ 16.2 ਓਵਰਾਂ ’ਚ ਸਿਰਫ 116 ਦੌੜਾਂ ’ਤੇ ਢੇਰ ਹੋ ਗਈ।
ਰੋਹਿਤ ਸ਼ਰਮਾ (13) ਨੇ ਇਕ ਹੋਰ ਖ਼ਰਾਬ ਪ੍ਰਦਰਸ਼ਨ ਕੀਤਾ, ਜਦਕਿ ਰਿਆਨ ਰਿਕੇਲਟਨ (41 ਗੇਂਦਾਂ ’ਤੇ 62 ਦੌੜਾਂ) ਨੇ ਆਈ.ਪੀ.ਐਲ. ਪੜਾਅ ’ਤੇ ਅਪਣਾ ਪਹਿਲਾ ਅਸਰ ਛਡਿਆ ਜਿਸ ਨਾਲ ਮੁੰਬਈ ਇੰਡੀਅਨਜ਼ ਨੇ 7.1 ਓਵਰ ਬਾਕੀ ਰਹਿੰਦੇ ਹੀ ਜਿੱਤ ਹਾਸਲ ਕਰ ਲਈ। ਸੂਰਯਕੁਮਾਰ ਯਾਦਵ ਨੇ 9 ਗੇਂਦਾਂ ’ਤੇ ਨਾਬਾਦ 27 ਦੌੜਾਂ ਬਣਾਈਆਂ ਅਤੇ ਵਿਕਟ ਦੇ ਪਿੱਛੇ ਛੱਕਾ ਮਾਰ ਕੇ ਮੈਚ ਦਾ ਅੰਤ ਕੀਤਾ।