
ਮੈਲਬਰਨ, 22 ਜਨਵਰੀ: ਪੰਜ ਵਾਰ ਆਸਟ੍ਰੇਲੀਆ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜ਼ਰ ਫ਼ੈਡਰਰ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਪੁਰਸ਼ ਏਕਲ ਵਰਗ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਫ਼ੈਡਰਰ ਨੇ ਹੰਗਰੀ ਦੇ ਮਾਰਟਿਨ ਫ਼ੁਕਸੋਵਿਕਸ ਨੂੰ ਹਰਾਇਆ।ਵਿਸ਼ਵ 'ਚ ਦੂਜੇ ਨੰਬਰ ਦੇ ਖਿਡਾਰੀ ਨੇ ਦੋ ਘੰਟੇ ਅਤੇ ਇਕ ਮਿੰਟ ਤਕ ਚੱਲੇ ਮੈਚ 'ਚ ਫ਼ੁਕਸੋਵਿਕਸ ਨੂੰ 6-4, 7-6 (7-3), 6-2 ਨਾਲ ਹਰਾ ਕੇ ਆਖ਼ਰੀ 8 'ਚ ਪਹੁੰਚਣ 'ਚ ਕਾਮਯਾਬੀ ਪ੍ਰਾਪਤ ਕਰ ਲਈ ਹੈ। ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਫ਼ੈਡਰਰ ਦਾ ਸਾਹਮਣਾ ਚੇਕ ਗਣਰਾਜ ਦੇ 20ਵੇਂ
ਨੰਬਰ ਦੇ ਖਿਡਾਰੀ ਥੋਮਸ ਬਰਡਿਕ ਨਾਲ ਹੋਵੇਗਾ। ਬਰਡਿਕ ਨੇ ਚੌਥੇ ਦੌਰ 'ਚ ਖੇਡੇ ਗਏ ਮੈਚ 'ਚ ਇਟਲੀ ਦੇ ਫ਼ਾਬਿਯੋ ਫ਼ੋਗਨੀਨੀ ਨੂੰ ਸਿੱਧੇ ਸੈੱਟਾਂ 'ਚ 6-1, 6-4, 6-4 ਨਾਲ ਹਰਾਇਆ ਸੀ।ਉਧਰ, ਟੂਰਨਾਮੈਂਟ 'ਚ ਤੀਜੀ ਸੀਡ ਬੁਲਗਾਰਿਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਆਸਟ੍ਰੇਲੀਆ ਦੇ ਨਿਕ ਕਿਰਜਿਯੋਸ ਨੂੰ ਹਰਾ ਕੇ ਕੁਆਟਰ ਫ਼ਾਈਨਲ 'ਚ ਜਗ੍ਹਾ ਬਣਾਈ ਹੈ। ਦਿਮੀਤ੍ਰੋਵ ਨੇ ਮੈਰਾਥਨ ਮੁਕਾਬਲੇ 'ਚ 17ਵੀਂ ਸੀਡ ਕਿਰਜਿਯੋਸ 26 ਮਿੰਟਾਂ ਦੇ ਮੁਕਾਬਲੇ 'ਚ ਹਰਾਇਆ। ਕੁਆਰਟਰ ਫ਼ਾਈਨਲ 'ਚ ਦਿਮੀਤ੍ਰੋਵ ਦਾ ਸਾਹਮਣਾ ਬ੍ਰਿਟੇਨ ਦੇ ਕਾਈਲ ਐਡਮੰਡ ਨਾਲ ਹੋਵੇਗਾ। (ਏਜੰਸੀ)