
ਲਖਨਊ, 30 ਅਗੱਸਤ:
ਉਤਰ ਪ੍ਰਦੇਸ਼ ਦੇ ਸੈਫ਼ਈ ਸਥਿਤ ਸਪੋਰਟਸ ਕਾਲਜ ਦਾ ਨਾਮਕਰਨ 'ਹਾਕੀ ਦੇ ਜਾਦੂਗਰ' ਮੇਜਰ
ਧਿਆਨਚੰਦ ਦੇ ਨਾਮ 'ਤੇ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਧਿਆਨਚੰਦ ਦੇ ਜਨਮ ਦਿਨ 'ਰਾਸ਼ਟਰੀ
ਖੇਡ ਦਿਵਸ' ਮੌਕੇ ਕਰਵਾਏ ਸਮਾਗਮ 'ਚ ਹਾਕੀ ਦੇ ਜਾਦੂਗਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ
ਕਿ ਮੇਜਰ ਧਿਆਨਚੰਦ ਨੇ ਮਹਾਨ ਖੇਡ ਨਾਲ ਪੂਰੀ ਦੁਨੀਆ 'ਚ ਦੇਸ਼ ਨੂੰ ਪਛਾਣ ਦਿਵਾਈ ਸੀ।
ਉਨ੍ਹਾਂ ਐਲਾਨ ਕੀਤਾ ਕਿ ਸੈਫ਼ਈ ਸਥਿਤ ਸਪੋਰਟਸ ਕਾਲਜ ਦਾ ਨਾਮਕਰਨ ਮੇਜਰ ਧਿਆਨਚੰਦ ਦੇ ਨਾਮ
'ਤੇ ਕੀਤਾ ਜਾਵੇਗਾ।
ਯੋਗੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ 'ਤੇ ਸੂਬਾ ਸਰਕਾਰ ਵੀ
ਉਲੰਪਿਕ ਖੇਡਾਂ 'ਚ ਸੂਬੇ ਨੂੰ ਸੋਨ ਤਮਗ਼ਾ ਜੇਤੂ ਖਿਡਾਰੀ ਨੂੰ ਛੇ ਕਰੋੜ, ਸਿਲਵਰ ਦਾ
ਤਮਗ਼ਾ ਜੇਤੂ ਖਿਡਾਰੀ ਨੂੰ ਚਾਰ ਕਰੋੜ ਤੇ ਕਾਂਸੀ ਤਮਗ਼ਾ ਜੇਤੂ ਖਿਡਾਰੀ ਨੂੰ ਦੋ ਕਰੋੜ ਰੁਪਏ
ਦੀ ਪੁਰਸਕਾਰ ਰਾਸ਼ੀ ਦੇਵੇਗੀ। ਇਸੇ ਤਰ੍ਹਾਂ ਏਸ਼ੀਆਈ ਤੇ ਰਾਸ਼ਟਰ ਮੰਡਲ ਖੇਡਾਂ 'ਚ ਵੀ
ਕੇਂਦਰ ਸਰਕਾਰ ਦੀ ਪੁਰਸਕਾਰ ਰਾਸ਼ੀ ਦੀ ਤਰਜ਼ 'ਤੇ ਹੀ ਸੂਬੇ ਦੇ ਤਮਗ਼ਾ ਜੇਤੂ ਖਿਡਾਰੀਆਂ ਨੂੰ
ਸਨਮਾਨਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ 14 ਖਿਡਾਰੀਆਂ ਨੂੰ ਲਕਸ਼ਮਣ ਪੁਰਸਕਾਰ
ਤੇ ਰਾਣੀ ਲਕਸ਼ਮੀਬਾਈ ਪੁਰਸਕਾਰ ਤੇ ਅੱਠ ਹੋਰ ਖਿਡਾਰੀਆਂ ਨੂੰ ਵੱਖ-ਵੱਖ ਖੇਡ ਮੁਕਾਬਲਿਆਂ
'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਤ ਕੀਤਾ। ਯੋਗੀ ਨੇ ਕਿਹਾ ਕਿ ਸੂਬੇ 'ਚ ਖੇਡ ਪ੍ਰਤੀਭਾ ਦੀ
ਕਮੀ ਨਹੀਂ ਹੈ। ਉਸ ਨੂੰ ਉਚਿਤ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਇਸ ਲਈ ਮੌਜੂਦਾ ਸੂਬਾ
ਸਰਕਾਰ ਖੇਡ ਦੇ ਆਧਾਰਭੂਤ ਢਾਂਚੇ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ। (ਏਜੰਸੀ)