
ਕਾਗਾਮਿਗਹਾਰਾ (ਜਾਪਾਨ) 5 ਨਵੰਬਰ
: ਭਾਰਤੀ ਮਹਿਲਾ ਹਾਕੀ ਟੀਮ ਨੇ ਪੈਨਲਟੀ ਸ਼ੂਟ-ਆਊਟ 'ਚ ਚੀਨ ਨੂੰ 5-4 ਨਾਲ ਹਰਾ ਕੇ ਏਸ਼ੀਆ
ਕੱਪ ਦਾ ਖ਼ਿਤਾਬ ਜਿੱਤ ਲਿਆ। ਦੋਵੇਂ ਟੀਮਾਂ ਨਿਸ਼ਚਿਤ ਸਮੇਂ 'ਚ 1-1 ਨਾਲ ਬਰਾਬਰੀ 'ਤੇ
ਸਨ। ਇਸ ਤੋਂ ਬਾਅਦ ਸ਼ੂਟ-ਆਊਟ ਦਾ ਸਹਾਰਾ ਲਿਆ ਗਿਆ। ਇਸ ਖ਼ਿਤਾਬ ਦੇ ਨਾਲ ਹੀ ਭਾਰਤ ਨੇ
2018 'ਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਜਗ੍ਹਾ ਬਣਾ ਲਈ ਹੈ।
ਭਾਰਤ ਦੀ ਨਨਜੋਤ ਕੌਰ ਨੇ 25ਵੇਂ ਮਿੰਟ 'ਚ ਗੋਲ ਕਰ ਕੇ 1-0 ਨਾਲ ਟੀਮ ਨੂੰ ਅੱਗੇ ਕਰ ਲਿਆ ਸੀ। ਭਾਰਤੀ ਟੀਮ ਜਿੱਤ ਵਲ ਵਧ ਰਹੀ ਸੀ ਪਰ ਚੌਥੇ ਕੁਆਰਟਰ 'ਚ 47ਵੇਂ ਮਿੰਟ 'ਚ ਟਿਨਟਿਆਨ ਲੁ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਮੁਕਾਬਲੇ 'ਚ ਬਰਾਬਰੀ ਕਰ ਲਈ। ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਕਰਨ 'ਚ ਨਾਕਾਮ ਰਹੀਆਂ ਅਤੇ ਮੈਚ ਪੈਨਲਟੀ ਸ਼ੂਟ-ਆਊਟ 'ਚ ਚਲਾ ਗਿਆ ਜਿਥੇ ਭਾਰਤ ਨੇ ਜਿੱਤ ਪ੍ਰਾਪਤ ਕੀਤੀ।
ਭਾਰਤੀ ਹਾਕੀ ਲਈ ਇਹ ਇਕ ਮਹੀਨੇ 'ਚ ਦੂਜੀ ਵੱਡੀ ਸਫ਼ਲਤਾ ਹੈ। ਪੁਰਸ਼
ਟੀਮ ਨੇ ਵੀ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਿਆ ਸੀ। ਭਾਰਤੀ ਟੀਮ ਚੌਥੀ ਵਾਰ ਇਸ
ਟੂਰਨਾਮੈਂਟ ਦੇ ਫ਼ਾਈਨਲ 'ਚ ਪਹੁੰਚੀ ਸੀ। 1999 'ਚ ਉਸ ਨੂੰ ਅਪਣੀ ਮੇਜ਼ਬਾਨੀ 'ਚ ਫ਼ਾਈਨਲ 'ਚ
ਦੱਖਣ ਕੋਰੀਆ ਹੱਥੋਂ 2-3 ਨਾਲ ਹਾਰ ਮਿਲੀ ਸੀ ਹਾਲਾਂਕਿ, ਉਹ 2004 'ਚ ਇਸ ²ਖ਼ਿਤਾਬ ਨੂੰ
ਜਿੱਤਣ 'ਚ ਕਾਮਯਾਬ ਰਹੀ।
ਸਾਲ 2009 'ਚ ਬੈਂਕਾਕ 'ਚ ਕਰਵਾਏ ਟੂਰਨਾਮੈਂਟ 'ਚ ਭਾਰਤੀ ਟੀਮ
ਨੇ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਪਰ ਚੀਨ ਨੇ 5-3 ਨਾਲ ਹਰਾ ਕੇ ਭਾਰਤੀ ਟੀਮ ਤੋਂ
ਖ਼ਿਤਾਬ ਖੋਹ ਲਿਆ ਸੀ।
ਦੱਖਣ-ਕੋਰੀਆ ਨੇ ਦਿਨ ਦੇ ਪਹਿਲੇ ਮੈਚ 'ਚ ਜਾਪਾਨ ਨੂੰ 1-0 ਨਾਲ ਹਰਾ ਕੇ ਤੀਜਾ ਸਥਾਨ ਮੱÎਲਿਆ। (ਏਜੰਸੀ)