ਨਵੀਂ ਦਿੱਲੀ, 2 ਸਤੰਬਰ: ਹਾਕੀ 
ਇੰਡੀਆ ਨੇ ਅੱਜ ਅਪਣੇ ਕੌਮੀ ਕੋਚ ਰੋਏਲੈਂਟ ਓਲਟਮੰਜ਼ ਦੀ ਛੁਟੀ ਕਰ ਦਿਤੀ। ਹਾਕੀ ਇੰਡੀਆ ਨੇ
 ਕਿਹਾ ਕਿ ਉਸ ਨੂੰ ਓਲਟਮੰਜ਼ ਦੇ ਸਫ਼ਲਤਾ ਲਈ ਲੰਮੇਂ ਸਮੇਂ ਦੇ ਫ਼ਾਰਮੂਲੇ 'ਤੇ ਭਰੋਸਾ ਨਹੀਂ 
ਹੈ। ਹਾਕੀ ਇੰਡੀਆ ਨੇ ਫ਼ਿਲਹਾਲ ਹਾਈ ਪਰਫ਼ਾਰਮੈਂਸ ਅਤੇ ਡਵਲੈਪਕਮੈਂਟ ਕਮੇਟੀ ਦੇ ਡਾਇਰੈਕਟਰ 
ਡੇਵਿਡ ਜਾਨ ਨੂੰ ਓਨੀ ਦੇਰ ਲਈ ਹਾਕੀ ਇੰਡੀਆ ਦਾ ਕੌਮੀ ਕੋਚ ਨਿਯੁਕਤ ਕੀਤਾ ਹੈ ਜਿੰਨੀ ਦੇਰ
 ਕੋਈ ਹੋਰ ਇਸ ਅਹੁਦੇ 'ਤੇ ਨਹੀਂ ਆ ਜਾਂਦਾ। ਹਾਈ ਪਰਫ਼ਾਰਮੈਂਸ ਅਤੇ ਡਵਲੈਪਕਮੈਂਟ ਕਮੇਟੀ 
ਵਲੋਂ ਕੀਤੀ ਗਈ ਤਿੰਨ ਦਿਨਾਂ ਸਮੀਖਿਆ ਮੀਟਿੰਗ ਤੋਂ ਬਾਅਦ ਹਾਕੀ ਇੰਡੀਆ ਨੇ ਓਲਟਮੰਜ਼ ਨੂੰ 
ਹਟਾਉਣ ਦਾ ਫ਼ੈਸਲਾ ਕੀਤਾ ਹੈ। 
ਉਲਟਮੰਜ਼ ਸਾਲ 2013 ਵਿਚ ਹਾਈ ਪਰਫ਼ਾਰਮੈਂਸ ਡਾਇਰੈਕਟਰ 
ਦੇ ਤੌਰ 'ਤੇ ਹਾਕੀ ਇੰਡੀਆ ਨਾਲ ਜੁੜੇ ਸਨ ਅਤੇ ਜੁਲਾਈ 2015 ਵਿਚ ਪੌਲ ਵੈਨ ਦੀ ਛੁੱਟੀ 
ਤੋਂ ਬਾਅਦ ਉਨ੍ਹਾਂ ਨੂੰ ਹਾਕੀ ਇੰਡੀਆ ਦਾ ਕੋਚ ਬਣਾ ਦਿਤਾ ਗਿਆ ਸੀ। 
ਨਵੇਂ ਕੋਚ 
ਡੇਵਿਡ ਜਾਨ ਨੇ ਕਿਹਾ ਕਿ ਉਲਟਮੰਜ਼ ਨੇ ਜਿੱਤ ਲਈ ਲੰਮੇਂ ਸਮੇਂ ਦੇ ਫ਼ਾਰਮੂਲੇ 'ਤੇ ਜ਼ੋਰ 
ਦਿਤਾ ਸੀ ਜਦਕਿ ਹਾਕੀ ਇੰਡੀਆ ਨੂੰ ਛੇਤੀ ਨਤੀਜੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ
 ਪੁਰਸ਼ਾਂ ਦੀ ਹਾਕੀ ਟੀਮ ਪਿਛਲੇ ਲੰਮੇਂ ਸਮੇਂ ਤੋਂ ਕੌਮਾਂਤਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ 
ਕਰਨ ਵਿਚ ਅਸਫ਼ਲ ਰਹੀ ਹੈ। ਹਾਕੀ ਇੰਡੀਆ ਪਹਿਲੇ ਨੰਬਰ 'ਤੇ ਆਉਣਾ ਚਾਹੁੰਦੀ ਸੀ ਪਰ ਇਸ ਨੂੰ
 ਟਾਪ-3 ਵਿਚ ਰਹਿ ਕੇ ਹੀ ਸਬਰ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਭਾਰਤ ਏਸ਼ੀਆ ਕੱਪ, 
ਹਾਕੀ ਵਰਲਡ ਲੀਗ ਫ਼ਾਈਨਲਜ਼ ਅਤੇ ਏਸ਼ੀਅਨ ਖੇਡਾਂ ਨੂੰ ਜਿਤਣਾ ਚਾਹੁੰਦਾ ਸੀ ਪਰ ਅਜਿਹਾ ਨਾ ਹੋ
 ਸਕਿਆ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਕਾਮਨਵੈਲਥ ਖੇਡਾਂ, ਅਗਲੇ ਸਾਲ ਹੋਣ
 ਵਾਲੇ ਵਿਸ਼ਵ ਕੱਪ ਅਤੇ 2020 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਵੱਡੇ ਪੱਧਰ 'ਤੇ 
ਜਿੱਤ ਦਰਜ ਕਰੇ। 
                    
                