
ਨਵੀਂ
ਦਿੱਲੀ, 23 ਸਤੰਬਰ : ਭਾਰਤ ਅਤੇ ਆਸਟਰੇਲੀਆ ਵਿਚਾਲੇ ਵਨਡੇ ਸੀਰੀਜ ਦਾ ਤੀਜਾ ਮੈਚ ਐਤਵਾਰ
ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਸੀਰੀਜ਼ ਵਿੱਚ ਹੁਣ ਤੱਕ ਦੋ
ਮੁਕਾਬਲੇ ਖੇਡੇ ਗਏ ਹਨ ਅਤੇ ਦੋਨਾਂ ਵਿੱਚ ਜਿੱਤ ਭਾਰਤੀ ਟੀਮ ਦੇ ਹੱਥ ਲੱਗੀ ਹੈ।
ਆਸਟਰੇਲੀਆ ਤੋਂ ਇਹ ਸੀਰੀਜ਼ ਜਿੱਤਣ ਲਈ ਭਾਰਤੀ ਟੀਮ ਨੂੰ ਹੁਣ ਬਸ ਇੱਕ ਹੋਰ ਮੈਚ ਜਿੱਤਣਾ
ਹੈ। ਜੇਕਰ ਆਸਟਰੇਲੀਆ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਸੀਰੀਜ ਵਿੱਚ ਉਨ੍ਹਾਂ ਦੇ ਹੱਥ
ਨਿਰਾਸ਼ਾ ਹੀ ਲੱਗੀ ਹੈ ਆਸਟਰੇਲੀਆ ਨੂੰ ਜੇਕਰ ਇਹ ਵਨਡੇ ਸੀਰੀਜ਼ ਜਿਤਣੀ ਹੈ ਤਾਂ ਉਸਨੂੰ
ਬਹੁਤ ਹੀ ਅਸਧਾਰਨ ਖੇਡ ਦਿਖਾਉਣੀ ਹੋਵੇਗੀ, ਕਿਉਂਕਿ ਭਾਰਤੀ ਟੀਮ ਜਿਸ ਫ਼ਾਰਮ ਵਿੱਚ ਚੱਲ
ਰਹੀ ਹੈ, ਉਸਨੂੰ ਵੇਖ ਕੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਇੰਦੌਰ ਵਿੱਚ ਸੀਰੀਜ਼ ਸੀਲ ਹੋ
ਜਾਵੇਗੀ।
ਇੰਦੌਰ ਦਾ ਇਹ ਸਟੇਡੀਅਮ ਭਾਰਤੀ ਟੀਮ ਲਈ ਹਮੇਸ਼ਾ ਤੋਂ ਲੱਕੀ ਰਿਹਾ ਹੈ।
ਹੋਲਕਰ ਸਟੇਡੀਅਮ ਵਿੱਚ ਹੁਣ ਤੱਕ ਭਾਰਤ ਦੀ ਜਿੱਤ ਦਾ ਫ਼ੀਸਦੀ 100 ਫੀਸਦੀ ਰਿਹਾ ਹੈ। ਇਸ
ਸਟੇਡੀਅਮ ਵਿੱਚ ਅਜਿਹਾ ਕੋਈ ਵੀ ਮੁਕਾਬਲਾ ਅੱਜ ਤੱਕ ਨਹੀਂ ਹੋਇਆ, ਜਿਸ ਵਿੱਚ ਭਾਰਤੀ ਟੀਮ
ਨੂੰ ਹਾਰ ਮਿਲੀ ਹੋਵੇ। ਭਾਰਤ-ਆਸਟਰੇਲੀਆ ਵਿਚਾਲੇ ਚੱਲ ਰਹੀ ਸੀਰੀਜ਼ ਵਿੱਚ ਟਾਸ ਨੂੰ ਬਹੁਤ
ਅਹਿਮ ਮੰਨਿਆ ਜਾ ਰਿਹਾ ਹੈ। ਹੁਣੇ ਤੱਕ ਦੋਨਾਂ ਹੀ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ
ਪਹਿਲਾਂ ਟਾਸ ਅਤੇ ਫਿਰ ਮੈਚ ਜਿੱਤਿਆ ਹੈ।
ਟਾਸ ਦੇ ਲਿਹਾਜ਼ ਨਾਲ ਵੀ ਗੱਲ ਕਰੀਏ, ਤਾਂ
ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਭਾਰਤੀ ਟੀਮ ਨੇ ਅੱਜ ਤੱਕ ਕੋਈ ਵੀ ਟਾਸ ਨਹੀਂ ਗੁਆਇਆ
ਹੈ। ਇਸ ਲਈ ਭਾਰਤੀ ਟੀਮ ਦਾ ਪੱਖ ਤੀਸਰੇ ਵਨਡੇ ਵਿੱਚ ਕਾਫ਼ੀ ਮਜ਼ਬੂਤ ਲੱਗ ਰਿਹਾ ਹੈ।
ਇੰਦੌਰ
ਦੇ ਹੋਲਕਰ ਸਟੇਡੀਅਮ ਵਿੱਚ 15 ਅਪ੍ਰੈਲ 2006 ਨੂੰ ਭਾਰਤੀ ਟੀਮ ਨੇ ਪਹਿਲਾ ਮੁਕਾਬਲਾ
ਇੰਗਲੈਂਡ ਵਿਰੁਧ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿੱਚ ਖੇਡਿਆ ਸੀ। ਇਸ ਮੈਚ ਵਿੱਚ ਭਾਰਤ ਨੇ
ਪਹਿਲਾਂ ਟਾਸ ਜਿੱਤਿਆ ਅਤੇ ਫਿਰ ਮੈਚ ਵੀ ਆਪਣੇ ਨਾਂ ਕੀਤਾ। 2006 ਤੋਂ ਹੁਣ ਤੱਕ ਭਾਰਤੀ
ਟੀਮ ਇਸ ਮੈਦਾਨ ਉੱਤੇ ਲਗਾਤਾਰ ਟਾਸ ਅਤੇ ਮੈਚ ਜਿੱਤ ਰਹੀ ਹੈ। ਐਤਵਾਰ ਨੂੰ ਜਦੋਂ ਭਾਰਤੀ
ਟੀਮ ਇਸ ਮੈਦਾਨ ਉੱਤੇ ਖੇਡਣ ਲਈ ਉਤਰੇਗੀ ਤਾਂ ਇਹ ਸਾਰੇ ਅੰਕੜੇ ਉਨ੍ਹਾਂ ਦੇ ਜ਼ੇਹਨ ਵਿੱਚ
ਹੋਣਗੇ ਅਤੇ ਉਮੀਦ ਹੈ ਕਿ ਭਾਰਤੀ ਟੀਮ ਇਸ ਮੈਦਾਨ ਉੱਤੇ ਆਪਣੇ 100 ਫੀਸਦੀ ਮੈਚ ਜਿੱਤਣ ਦੇ
ਰਿਕਾਰਡ ਨੂੰ ਵੀ ਬਰਕਰਾਰ ਰੱਖੇਗੀ। ਹੁਣ ਇਹ ਵੇਖਣਾ ਹੈ ਕਿ ਤੀਜੇ ਵਨਡੇ 'ਚ ਭਾਰਤੀ ਟੀਮ
ਜਿੱਤ ਦਰਜ ਕਰਕੇ ਆਪਣੇ 100 ਫ਼ੀ ਸਦੀ ਜਿੱਤ ਦੇ ਰੀਕਾਰਡ ਨੂੰ ਕਾਇਮ ਰੱਖ ਸਕਦੀ ਹੈ ਜਾਂ
ਨਹੀਂ। (ਪੀ.ਟੀ.ਆਈ.)