ਨਵੀਂ ਦਿੱਲੀ, 10 ਨਵੰਬਰ: ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਾਬਕਾ ਕ੍ਰਿਕਟਰਾਂ ਦੀ ਨਿੰਦਾ ਦਾ ਕੇਂਦਬ ਬਣੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਸ਼ਾਸਤਰੀ ਨੇ ਧੋਨੀ ਨੂੰ ਪੂਰੀ ਤਰ੍ਹਾਂ ਟੀਮ ਮੈਨ ਦਸਿਆ ਹੈ। ਸ਼ਾਸਤਰੀ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਜਤਾ ਚੁਕੇ ਹਨ। ਸ਼ਾਸਤਰੀ ਨੇ ਕਿਹਾ ਕਿ ਈਰਖਾ ਰੱਖਣ ਵਾਲੇ ਕੁਝ ਲੋਕ ਚਾਹੁੰਦੇ ਹਨ ਕਿ ਧੋਨੀ ਦਾ ਅੰਤਰਰਾਸ਼ਟਰੀ ਕਰੀਅਰ ਖ਼ਤਮ ਹੋ ਜਾਵੇ।
ਜ਼ਿਕਰਯੋਗ ਹੈ ਕਿ ਰਾਜਕੋਟ 'ਚ ਦੂਸਰੇ ਟੀ-20 ਮੈਚ 'ਚ ਧੋਨੀ ਨੇ 37 ਗੇਂਦਾਂ 'ਤੇ 49 ਦੌੜਾਂ ਬਣਾਈਆਂ ਸਨ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੀ.ਵੀ.ਐਸ. ਲਕਸ਼ਮਣ, ਅਜੀਤ ਅਗਰਕਰ ਅਤੇ ਬਾਅਦ 'ਚ ਆਕਾਸ਼ ਚੋਪੜਾ ਨੇ ਕਿਹਾ ਸੀ ਕਿ ਚੋਣ ਕਰਤਾਵਾਂ ਨੂੰ ਟੀ-20 'ਚ ਧੋਨੀ ਦੇ ਬਦਲ ਦੇ ਰੂਪ 'ਚ ਵਿਚਾਰ ਕਰਨਾ ਚਾਹੀਦਾ ਹੈ।

ਧੋਨੀ ਦਾ ਬਚਾਅ ਕਰਦਿਆਂ ਸ਼ਾਸਤਰੀ ਨੇ ਕਿਹਾ ਕਿ ਅਜਿਹਾ ਲਗਦਾ ਹੈ ਵੱਡੀ ਗਿਣਤੀ 'ਚ ਈਰਖਾ ਰੱਖਣ ਵਾਲੇ ਅਜਿਹੇ ਲੋਕ ਹਨ, ਜੋ ਧੋਨੀ ਦੇ ਕਰੀਅਰ ਨੂੰ ਖ਼ਤਮ ਹੁੰਦੇ ਦੇਖਣਾ ਚਾਹੁੰਦੇ ਹਨ ਪਰ ਧੋਨੀ ਵਰਗਾ ਮਹਾਨ ਖਿਡਾਰੀ ਅਪਣਾ ਭਵਿਖ ਖ਼ੁਦ ਤੈਅ ਕਰਦਾ ਹੈ। ਕੋਚ ਨੇ ਕਿਹਾ ਕਿ ਭਾਰਤੀ ਟੀਮ ਧੋਨੀ ਦੀ ਅਹਿਮੀਅਤ ਚੰਗੀ ਤਰ੍ਹਾਂ ਸਮਝਦੀ ਹੈ। ਅਤੇ ਇਸ ਸ਼ਾਨਦਾਰ ਵਿਕਟ ਕੀਪਰ ਬੱਲੇਬਾਜ਼ ਦੀ ਨਿੰਦਾ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸ਼ਾਸਤਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਧੋਨੀ ਟੀਮ 'ਚ ਫ਼ਿਟ ਬੈਠਦੇ ਹਨ। ਉਹ ਇਕ ਮਹਾਨ ਲੀਡਰ ਸਨ ਅਤੇ ਹੁਣ ਟੀਮ ਮੈਨ ਦੇ ਰੂਪ 'ਚ ਯੋਗਦਾਨ ਦੇ ਰਹੇ ਹਨ। (ਏਜੰਸੀ)
