
ਨਵੀਂ ਦਿੱਲੀ, 5 ਅਕਤੂਬਰ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਮੈਦਾਨ ਉਤੇ ਦੁਨੀਆਂ ਭਰ ਦੇ ਗੇਂਦਬਾਜ਼ਾਂ ਦੀ ਧੁਲਾਈ ਕਰਦੇ ਹੋਣ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ।
ਬਾਲੀਵੁੱਡ ਸੁਪਰਸਟਾਰ ਆਮੀਰ ਖਾਨ ਨਾਲ ਇਕ ਚੈਟ ਸ਼ੋਅ ਵਿਚ ਕੋਹਲੀ ਨੇ ਉਸ ਗੇਂਦਬਾਜ਼ ਦਾ ਨਾਮ ਦਸਿਆ ਜਿਸ ਦੀ ਯਾਰਕਰ ਗੇਂਦ ਤੋਂ ਉਨ੍ਹਾਂ ਨੂੰ ਡਰ ਲੱਗਦਾ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕ੍ਰਿਕਟ ਜਗਤ ਵਿਚ ਬਹੁਤ ਵੱਡੇ ਸਟਾਰ ਨਹੀਂ ਸਨ ਅਤੇ ਲੋਕਾਂ ਨੂੰ ਸਚਿਨ, ਸਹਿਵਾਗ, ਯੁਵਰਾਜ ਵਰਗੇ ਖਿਡਾਰੀਆਂ ਤੋਂ ਹੀ ਜ਼ਿਆਦਾ ਉਮੀਦ ਰਹਿੰਦੀ ਸੀ। ਭਾਰਤ 2011 ਵਿਸ਼ਵ ਕੱਪ ਫਾਈਨਲ ਵਿਚ ਪ੍ਰਵੇਸ਼ ਕਰ ਚੁੱਕਿਆ ਸੀ, ਪਰ ਸ੍ਰੀਲੰਕਾ ਦੇ ਇਕ ਤੇਜ਼ ਗੇਂਦਬਾਜ਼ ਨੇ ਲਾਜਵਾਬ ਪ੍ਰਦਰਸ਼ਨ ਵਿਖਾਇਆ ਅਤੇ ਵਾਨਖੇੜੇ ਸਟੇਡੀਅਮ ਵਿਚ ਸਨਾਟਾ ਛਾ ਗਿਆ। ਉਸ ਗੇਂਦਬਾਜ਼ ਦਾ ਨਾਮ ਹੈ ਲਸਿਥ ਮਲਿੰਗਾ ਜਿਸ ਨੇ ਭਾਰਤ ਦੇ ਸਟਾਰ ਓਪਨਰਾਂ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੂੰ ਸਸਤੇ ਵਿਚ ਸਮੇਟ ਦਿਤਾ ਸੀ। ਭਾਰਤੀ ਟੀਮ ਬੈਕਫੁੱਟ ਉੱਤੇ ਆ ਚੁੱਕੀ ਸੀ ਅਤੇ ਉਦੋਂ ਵਿਰਾਟ ਕੋਹਲੀ ਪਿੱਚ ਉਤੇ ਉਤਰੇ।
ਕੋਹਲੀ ਨੇ ਆਮਿਰ ਨੂੰ ਦਸਿਆ ਕਿ ਪਿੱਚ ਉਤੇ ਆਉਂਦੇ ਹੀ ਉਹ ਕਿੰਨੇ ਨਰਵਸ ਹੋ ਗਏ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਮਲਿੰਗਾ ਦੀ ਯਾਰਕਰ ਗੇਂਦ ਦਾ ਡਰ ਸੀ। ਹਾਲਾਂਕਿ 2-3 ਗੇਂਦਾਂ ਖੇਡਣ ਦੇ ਬਾਅਦ ਉਹ ਸੈੱਟ ਹੋ ਗਏ। ਗੌਤਮ ਗੰਭੀਰ ਨਾਲ 83 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਨ ਵਾਲੇ ਕੋਹਲੀ ਨੇ ਉਸ ਫ਼ਾਈਨਲ ਵਿਚ 35 ਦੌੜਾਂ ਬਣਾਈਆਂ ਸਨ। ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ 2011 ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ ਅਤੇ ਭਾਰਤੀ ਬੇਹੱਦ ਖੁਸ਼ ਸਨ ਕਿਉਂਕਿ ਟੀਮ ਨੇ 28 ਸਾਲ ਬਾਅਦ ਇਹ ਕੀਰਤੀਮਾਨ ਹਾਸਲ ਕੀਤਾ ਸੀ। ਬਾਲੀਵੁੱਡ ਅਤੇ ਕ੍ਰਿਕਟ ਦਾ ਨਾਤਾ ਬੇਹੱਦ ਪੁਰਾਣਾ ਹੈ ਅਤੇ ਹਾਲ ਹੀ ਵਿਚ ਇਨ੍ਹਾਂ ਦੋਨਾਂ ਖੇਤਰਾਂ ਦੇ ਦਿੱਗਜ ਆਮਿਰ ਅਤੇ ਵਿਰਾਟ ਪਹਿਲੀ ਵਾਰ ਕਿਸੇ ਚੈਟ ਸ਼ੋਅ ਵਿਚ ਇਕੱਠੇ ਆਏ। ਕ੍ਰਿਕਟ ਫੈਂਸ ਇਸ ਸ਼ੋਅ (ਜੋ ਦਿਵਾਲੀ ਦੇ ਨਜ਼ਦੀਕ ਟੈਲੀਵਿਜ਼ਨ ਉੱਤੇ ਬਰਾਡਕਾਸਟ ਹੋਵੇਗਾ) ਨੂੰ ਦੇਖਣ ਲਈ ਉਤਾਵਲੇ ਹਨ ਕਿਉਂਕਿ ਦੱਸਿਆ ਜਾ ਰਿਹਾ ਹੈ ਦੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਪ੍ਰਗਟਾਵੇ
ਕੀਤੇ ਹਨ। (ਪੀ.ਟੀ.ਆਈ.)