
ਨਵੀਂ ਦਿੱਲੀ, 24 ਨਵੰਬਰ: ਬੀ.ਸੀ.ਸੀ.ਆਈ. ਦੇ ਅੰਡਰ-19 ਵਨਡੇ ਸੁਪਰ ਲੀਗ ਮੈਚ 'ਚ ਕੇਰਲ ਵਿਰੁਧ ਨਾਗਾਲੈਂਡ ਦੀ ਮਹਿਲਾ ਟੀਮ ਸਿਰਫ਼ 2 ਦੌੜਾਂ 'ਤੇ ਹੀ ਆਲ-ਆਊਟ ਹੋ ਗਈ। ਇਸ ਦੌਰਾਨ ਸਿਰਫ਼ ਇਕ ਹੀ ਖਿਡਾਰੀ ਅਪਣਾ ਖਾਤਾ ਖੋਲ੍ਹਣ 'ਚ ਕਾਮਯਾਬ ਰਹੀ। ਦੂਜਾ ਸਕੋਰ ਟੀਮ ਨੂੰ ਵਾਈਡ ਬਾਲ ਦਾ ਮਿਲਿਆ।17 ਓਵਰਾਂ ਤਕ ਚੱਲੀ ਇਸ ਪਾਰੀ 'ਚ ਸਲਾਮੀ ਜੋੜੀ ਦੇ ਰੂਪ 'ਚ ਮੇਨਕਾ ਅਤੇ ਮੁਸਕਾਨ ਮੈਦਾਨ 'ਚ ਆਈਆਂ। ਮੇਨਕਾ ਨੇ ਅਪਣਾ ਖਾਤਾ ਖੋਲ੍ਹਿਆ
ਅਤੇ ਕੁਝ ਸਮੇਂ ਬਾਅਦ ਹੀ ਵਾਈਡ ਦੇ ਰੂਪ 'ਚ 1 ਦੌੜ ਹੋਰ ਮਿਲ ਗਈ। 5.2 ਓਵਰਾਂ 'ਚ ਨਾਗਾਲੈਂਡ ਨੂੰ ਪਹਿਲਾ ਝਟਕਾ ਲੱਗਿਆ ਅਤੇ ਇਸ ਤੋਂ ਬਾਅਦ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤੇ ਇਕ-ਇਕ ਕਰ ਕੇ ਟੀਮ ਦੀਆਂ ਸਾਰੀਆਂ ਬੱਲੇਬਾਜ਼ ਬਿਨਾ ਅਪਣਾ ਖਾਤਾ ਖੋਲ੍ਹੇ ਆਊਟੀ ਹੁੰਦੀਆਂ ਗਈਆਂ ਤੇ ਕੇਰਲ ਨੂੰ ਸਿਰਫ 2 ਦੌੜਾਂ ਦਾ ਟੀਚਾ ਦਿਤਾ। ਕੇਰਲ ਦੀ ਟੀਮ ਲਈ ਆਸਾਨ ਟੀਚਾ ਸਰ ਕਰਨਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ ਤੇ ਕੇਰਲ ਨੇ ਮੈਚ 'ਚ ਜਿੱਤ ਦਰਜ ਕੀਤੀ। ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਟੀਮ 2 ਦੌੜਾਂ 'ਤੇ ਹੀ ਆਲ-ਆਊਟ ਹੋ ਗਈ ਹੋਵੇ ਤੇ 9 ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਹੀ ਮੁੜ ਗਏ ਹੋਣ। (ਏਜੰਸੀ)