
ਨਵੀਂ ਦਿੱਲੀ, 31 ਜਨਵਰੀ: ਸੀਜ਼ਨ-11 ਲਈ ਕੀਤੀ ਗਈ ਨੀਲਾਮੀ ਦੀ ਨਿਊਜ਼ੀਲੈਂਡ ਕ੍ਰਿਕਟ ਪਲੇਅਰਜ਼ ਐਸੋਸੀਏਸ਼ਨ (ਐਨ.ਜ਼ੈੱਡ.ਸੀ.ਪੀ.ਏ.) ਨੇ ਸਖ਼ਤ ਆਲੋਚਨਾ ਕੀਤੀ ਹੈ। ਐਨ.ਜ਼ੈੱਡ.ਸੀ.ਪੀ.ਏ. ਚੀਫ਼ ਹੇਥ ਮਿਲਸ ਨੇ ਨੀਲਾਮੀ ਨੂੰ ਅਪਮਾਨਜਨਕ, ਘਟੀਆ ਅਤੇ ਖਿਡਾਰੀਆ ਦੀ ਕਮਾਈ ਨਾਲ ਖਿਲਵਾੜ ਕਰਨ ਵਾਲਾ ਦਸਿਆ ਕਿਹਾ ਕਿ ਮੈਨੂੰ ਲਗਦਾ ਹੈ ਕਿ ਪੂਰੀ ਪ੍ਰਣਾਲੀ ਪੁਰਾਣੀ ਹੈ ਅਤੇ ਉਨ੍ਹਾਂ ਖਿਡਾਰੀਆਂ ਲਈ ਕਾਫ਼ੀ ਅਪਮਾਨਜਨਕ ਹੈ, ਜਿਨ੍ਹਾਂ ਨੂੰ ਦੁਨੀਆਂ ਸਾਹਮਣੇ ਜਾਨਵਰਾਂ ਵਾਂਗ ਪਰੇਡ ਕਰਦੇ ਦਿਖਾਇਆ ਗਿਆ। ਕਈ ਖਿਡਾਰੀ ਇਸ ਲਈ ਨਿਰਾਸ਼ ਹਨ, ਕਿਉਂ ਕਿ ਉਹ ਅਜੇ ਵੀ ਆਈ.ਪੀ.ਐਲ. ਪ੍ਰਣਾਲੀ ਨੂੰ ਸਮਝ ਨਹੀਂ ਸਕੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਆਖ਼ਿਰ ਇਹ ਕਿਵੇਂ ਕੰਮ ਕਰਦਾ ਹੈ। ਇਸ ਸੀਜ਼ਨ ਨਿਊਜ਼ੀਲੈਂਡ ਦੇ 7 ਖਿਡਾਰੀਆਂ ਨੂੰ ਨੀਲਾਮੀ 'ਚ ਖਰੀਦਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਨੌਜਵਾਨ ਖਿਡਾਰੀ ਜੈਦੇਵ ਉਨਾਦਕਟ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਨੀਲਾਮੀ 'ਚ ਸੱਭ ਤੋਂ ਮਹਿੰਗੇ ਖਿਡਾਰੀ ਬਣੇ ਹਨ। ਉਨ੍ਹਾਂ ਨੂੰ ਨੀਲਾਮੀ 'ਚ ਰਾਜਸਥਾਨ ਰਾਇਲਸ ਨੇ 11.5 ਕਰੋੜ ਰੁਪਏ 'ਚ ਖਰੀਦਿਆ। ਉਨਾਦਕਟ ਨੂੰ ਖਰੀਦਣ ਲਈ ਰਾਜਸਥਾਨ ਰਾਇਲਸ, ਕਲਕੱਤਾ ਨਾਇਟ ਰਾਇਡਰਜ਼, ਕਿੰਗਜ਼ ਇਲੈਵਨ ਪੰਜਾਬ ਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਸਖ਼ਤ ਮੁਕਾਬਲਾ ਸੀ। (ਏਜੰਸੀ)