
ਐਸ.ਏ.ਐਸ. ਨਗਰ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ): ਮੋਹਾਲੀ ਵਿਚ ਗਮਾਡਾ (ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਅਧੀਨ ਚਲ ਰਹੇ 5 ਖੇਡ ਸਟੇਡੀਅਮਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਥਾਂ 'ਤੇ ਹੁਣ ਗਮਾਡਾ ਇਨ੍ਹਾਂ ਨੂੰ ਖੇਡ ਵਿਭਾਗ ਜਾਂ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਨੂੰ ਦੇਣ ਬਾਰੇ ਵਿਚਾਰਾਂ ਕਰ ਰਿਹਾ ਹੈ। ਗਮਾਡਾ ਨੇ ਫੇਜ਼ 9 ਦੇ ਹਾਕੀ ਸਟੇਡੀਅਮ ਸਮੇਤ 8 ਖੇਡ ਸਟੇਡੀਅਮ ਬਣਾਏ ਸਨ, ਜਿਨ੍ਹਾਂ ਵਿਚੋਂ 5 ਹੁਣ ਵੀ ਗਮਾਡਾ ਕੋਲ ਹੀ ਹਨ ਜਿਨ੍ਹਾਂ ਦਾ ਰੱਖ ਰਖਾਅ ਗਮਾਡਾ ਵਲੋਂ ਕੀਤਾ ਜਾਂਦਾ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡ ਸਟੇਡੀਅਮਾਂ ਦੀ ਉਸਾਰੀ ਲਈ ਖਾਕਾ 2011 ਵਿਚ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੇ ਚੇਅਰਮੈਨ ਐਨ.ਕੇ. ਸ਼ਰਮਾ ਅਤੇ ਉਸ ਸਮੇਂ ਦੇ ਮੁੱਖ ਪ੍ਰਸ਼ਾਸਕ ਗਮਾਡਾ ਸਰਬਜੀਤ ਸਿੰਘ ਨੇ ਤਿਆਰ ਕੀਤਾ ਸੀ। ਇਸ ਤੋਂ ਬਾਅਦ ਮੋਹਾਲੀ ਦੇ ਸੈਕਟਰ 78 ਵਿਚ ਏਅਰਪੋਰਟ ਰੋਡ ਉੱਤੇ ਮਲਟੀਪਰਪਜ਼ ਖੇਡ ਸਟੇਡੀਅਮ ਬਣਾਇਆ ਗਿਆ, ਫੇਜ਼ 9 ਵਿਚ ਵੱਡਾ ਖੇਡ ਸਟੇਡੀਅਮ ਬਣਾਇਆ ਗਿਆ ਅਤੇ 5 ਹੋਰ ਖੇਡ ਸਟੇਡੀਅਮ ਫ਼ੇਜ਼ 11, ਫ਼ੇਜ਼ 7, ਸੈਕਟਰ 69, ਸੈਕਟਰ 71 ਅਤੇ ਫ਼ੇਜ਼ 5 ਵਿਚ ਬਣਾਏ ਗਏ।ਖੇਡ ਸਟੇਡੀਅਮਾਂ ਦੀ ਉਸਾਰੀ ਤੋਂ ਬਾਅਦ ਫ਼ੇਜ਼ 9 ਅਤੇ ਸੈਕਟਰ 78 ਦਾ ਮਲਟੀਪਰਪਜ਼ ਸਟੇਡੀਅਮ ਖੇਡ ਵਿਭਾਗ ਪੰਜਾਬ ਦੇ ਹਵਾਲੇ ਕਰ ਦਿਤਾ ਗਿਆ। ਫ਼ੇਜ਼ 9 ਦੇ ਸਟੇਡੀਅਮ ਵਿਚ ਹੀ ਜ਼ਿਲ੍ਹਾ ਖੇਡ ਅਫ਼ਸਰ ਦਾ ਦਫ਼ਤਰ ਵੀ ਬਣਾ ਦਿਤਾ ਗਿਆ।
ਇਸੇ ਦੌਰਾਨ ਪਿਛਲੀ ਸਰਕਾਰ ਵਲੋਂ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਸਥਾਪਨਾ ਕਰ ਦਿਤੀ ਗਈ ਜਿਸ ਦਾ ਮੰਤਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨਾ ਸੀ ਅਤੇ ਇਸ ਦਾ ਦਫ਼ਤਰ ਫੇਜ਼ 9 ਦੇ ਹਾਕੀ ਸਟੇਡੀਅਮ ਵਿਚ ਬਣਾ ਦਿਤਾ ਗਿਆ।ਗਮਾਡਾ ਵਲੋਂ ਅਪਣੇ ਪੱਧਰ 'ਤੇ ਜਿਨ੍ਹਾਂ 5 ਖੇਡਸਟੇਡੀਅਮਾਂ ਨੂੰ ਚਲਾਇਆ ਜਾ ਰਿਹਾ ਹੈ, ਉਨ੍ਹਾਂ ਦੀ ਹਾਲਤ ਖ਼ਸਤਾ ਹੈ ਅਤੇ ਗਮਾਡਾ ਕੋਲ ਇਨ੍ਹਾਂ ਦੇ ਰੱਖ ਰਖਾਅ ਲਈ ਪੈਸਾ ਨਹੀਂ ਹੈ। ਇਥੇ ਖੇਡਣ ਵਾਲੇ ਖਿਡਾਰੀਆਂ ਤੋਂ ਮਾਮੂਲੀ ਫ਼ੀਸ ਲਈ ਜਾਂਦੀ ਹੈ ਅਤੇ ਇਨ੍ਹਾਂ ਖੇਡ ਸਟੇਡੀਅਮਾਂ ਵਿਚ ਬੈਡਮਿੰਟਨ, ਟੇਬਲਟੈਨਿਸ, ਬਾਸਕਟਬਾਲ, ਵਾਲੀਬਾਲ, ਟੈਨਿਸ, ਤੈਰਾਕੀ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਥੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਖੇਡਣ ਲਈ ਆਉਂਦੇ ਹਨ। ਲਿਹਾਜ਼ਾ ਇਨ੍ਹਾਂ ਸਟੇਡੀਅਮਾਂ ਦੇ ਰੱਖ ਰਖਾਅ ਲਈ ਇਨ੍ਹਾਂ ਨੂੰ ਨਿਜੀ ਕੰਪਨੀ ਨੂੰ ਦੇਣ ਦੀ ਤਜਵੀਜ਼ ਕੀਤੀ ਗਈ ਸੀ। ਗਮਾਡਾ ਸੂਤਰਾਂ ਅਨੁਸਾਰ ਇਸ ਦੌਰਾਨ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਨੇ ਵੀ ਇਨ੍ਹਾਂ ਪੰਜ ਖੇਡ ਸਟੇਡੀਅਮਾਂ ਨੂੰ ਅਪਣੇ ਅਧੀਨ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਕੀ ਕਹਿੰਦੇ ਹਨ ਅਧਿਕਾਰੀ : ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਨੇ ਦਸਿਆ ਕਿ ਗਮਾਡਾ ਨੇ ਨਿਜੀ ਕੰਪਨੀਆਂ ਨੂੰ ਇਹ ਖੇਡ ਸਟੇਡੀਅਮ ਦੇਣ ਤੋਂ ਪਹਿਲਾਂ ਖੇਡ ਵਿਭਾਗ ਨੂੰ ਇਹ ਖੇਡ ਸਟੇਡੀਅਮ ਲੈਣ ਲਈ ਕਿਹਾ ਸੀ ਪਰ ਉਦੋਂ ਇਹ ਗੱਲ ਫ਼ਾਈਨਲ ਨਹੀਂ ਸੀ ਹੋ ਸਕੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗਮਾਡਾ ਇਨ੍ਹਾਂ ਸਟੇਡੀਅਮਾਂ ਨੂੰ ਨਿਜੀ ਕੰਪਨੀਆਂ ਨੂੰ ਦੇਣ ਦਾ ਵਿਚਾਰ ਕਰ ਰਿਹਾ ਸੀ ਤਾਂ ਮੁੜ ਖੇਡ ਵਿਭਾਗ ਨੇ ਇਹ ਸਟੇਡੀਅਮ ਅਪਣੇ ਅਧੀਨ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਹਫਤੇ ਦੇ ਅੰਦਰ ਖੇਡ ਵਿਭਾਗ ਦੇ ਅਧਿਕਾਰੀ ਇਨ੍ਹਾਂ ਖੇਡ ਸਟੇਡੀਅਮਾਂ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਕੁਝ ਫਾਈਨਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਡ ਵਿਭਾਗ ਇਨ੍ਹਾਂ ਖੇਡ ਸਟੇਡੀਅਮਾਂ ਨੂੰ ਲੈਣਾ ਚਾਹੇਗਾ ਤਾਂ ਜਾਹਿਰ ਤੌਰ 'ਤੇ ਗਮਾਡਾ ਵਲੋਂ ਖੇਡ ਵਿਭਾਗ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਉੱਤੇ ਤਰਜ਼ੀਹ ਦਿੱਤੀ ਜਾਵੇਗੀ।