
ਬੀਜਿੰਗ, 15 ਨਵੰਬਰ: ਭਾਰਤ ਦੀ ਸਾਇਨਾ ਨੇਹਵਾਲ ਸ਼ਾਨਦਾਰ ਸ਼ੁਰੂਆਤ ਨਾਲ ਚਾਇਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ 'ਚ ਪਹੁੰਚ ਗਈ ਹੈ। ਪਿਛਲੇ ਦਿਨੀਂ ਭਾਰਤ ਦੀ ਰਾਸ਼ਟਰੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੀ.ਵੀ. ਸਿੰਧੂ ਨੂੰ ਹਰਾਉਣ ਵਾਲੀ ਸਾਇਨਾ ਨੇ ਚਾਇਨਾ ਓਪਨ ਦੇ ਪਹਿਲੇ ਦੌਰ 'ਚ ਸਿੰਗਾਪੁਰ ਦੀ ਬੇਈਵੇਨ ਝੇਂਗ ਨੂੰ ਹਰਾਇਆ। ਸਾਇਨਾ ਨੇ ਇਹ ਮੁਕਾਬਲਾ ਸਿੱਧੀ ਮੁਕਾਬਿਲਆਂ 'ਚ 21-12, 21-13 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਮੁਕਾਬਲਾ ਪੰਜਵੇਂ ਨੰਬਰ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ।
ਸਾਇਨਾ 2014 'ਚ ਇਸ ਟੂਰਨਾਮੈਂਟ ਦਾ ਖ਼ਿਤਾਬ ਹਾਸਲ ਕਰ ਚੁਕੀ ਹੈ। ਵਿਸ਼ਵ ਬੈਡਮਿੰਟਨ ਰੈਕਿੰਘਗ 'ਚ 11ਵੇਂ ਨੰਬਰ ਦੀ ਸਾਇਨਾ ਦਾ ਯਾਮਾਗੁਚੀ ਵਿਰੁਧ ਜਿੱਤ-ਹਾਰ ਦਾ ਰਿਕਾਰਡ ਚੰਗਾ ਨਹੀਂ ਹੈ। ਜਾਪਾਨ ਦੀ ਯਾਮਾਗੁਚੀ ਜਿੱਤ-ਹਾਰ ਦੇ ਮਾਮਲੇ 'ਚ 3-1 ਨਾਲ ਅੱਗੇ ਹੈ। ਸਾਇਨਾ ਨੂੰ ਇਸ ਜਾਪਾਨੀ ਖਿਡਾਰੀ ਹੱਥੋਂ ਤਿੰਨੇ ਹਾਰਾਂ ਇਸੇ ਸਾਲ ਮਿਲੀਆਂ ਹਨ। (ਏਜੰਸੀ)