
ਨਾਗਪੁਰ, 23 ਨਵੰਬਰ: ਪਹਿਲੇ ਟੈਸਟ 'ਚ ਮੀਂਹ ਕਾਰਨ ਜਿੱਤ ਤੋਂ ਖੁੰਝੀ ਭਾਰਤੀ ਕ੍ਰਿਕਟ ਟੀਮ ਕੱਲ੍ਹ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ਮੈਚ 'ਚ ਸ੍ਰੀਲੰਕਾ 'ਤੇ ਅਪਣਾ ਦਬਦਬਾ ਬਰਕਰਾਰ ਰੱਖਣ ਦੀ ਪੂਰੀ ਤਿਆਰੀ ਨਾਲ ਉਤਰੇਗੀ।ਡਰਾਅ ਰਹੇ ਪਹਿਲੇ ਟੈਸਟ ਦੇ ਆਖ਼ਰੀ ਸੈਸ਼ਨ 'ਚ ਸ੍ਰੀਲੰਕਾ ਦੇ ਉਚ ਅਤੇ ਮੱਧਕ੍ਰਮ ਦੀਆਂ ਧੱਜੀਆਂ ਉਡਾਉਣ ਵਾਲੀ ਵਿਰਾਟ ਕੋਹਲੀ ਦੀ ਟੀਮ ਨੂੰ ਕਾਫ਼ੀ ਹੌਸਲਾ ਹੈ। ਜਿੱਥੇ ਜਾਮਥਾ 'ਚ ਮੈਦਾਨ 'ਤੇ ਭਾਰਤ ਨੂੰ ਇਕ ਵਾਰ ਮੁੜ ਹਰੀ ਭਰੀ ਪਿਚ ਮਿਲੇਗੀ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਦੱਖਣੀ ਅਫ਼ਰੀਕਾ ਦੇ ਲੰਬੇ ਦੌਰੇ ਨੂੰ ਧਿਟਾਨ 'ਚ ਰੱਖਦਿਆਂ ਤਿਆਰੀ ਲਈ ਹਰਿਆਲੀ ਪਿੱਚ ਬਣਾਈ ਗਈ ਹੈ। ਪਿੱਚ 'ਤੇ ਜੰਮਿਆ ਘਾਹ ਇਸ ਨੂੰ ਪ੍ਰੰਪਰਿਕ ਤੌਰ 'ਤੇ ਹੌਲੀ ਅਤੇ ਬੱਲੇਬਾਜ਼ਾਂ ਦੀ ਐਸ਼ਗਾਹ ਵਿਕਟ ਤੋਂ ਅਲੱਗ ਬਣਾਉਂਦੀ ਹੈ, ਹਾਲਾਂ ਕਿ ਪਹਿਲੀ ਗੇਂਦ ਸੁੱਟੇ ਜਾਣ ਤਕ ਇਹ ਕਹਿਣਾ ਮੁਸ਼ਕਲ ਹੈ ਕਿ ਇਸ 'ਚ ਕਿੰਨਾ ਉਛਾਲ ਹੋਵੇਗਾ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਚੰਗੀ ਪਿੱਚ ਲੱਗ ਰਹੀ ਹੈ। ਪਹਿਲੇ ਦੋ ਦਿਨ ਇਹ ਤੇਜ ਗੇਂਦਬਾਜ਼ਾਂ ਦੀ ਮਦਦਗਾਰ ਸਾਬਤ ਹੋਵੇਗੀ। ਭਾਰਤ ਲਈ ਚੁਣੌਤੀ ਇਨ੍ਹਾਂ ਹਾਲਾਤਾਂ 'ਚ ਬੇਹਤਰ ਪ੍ਰਦਰਸ਼ਨ ਕਰਨ ਦੀ ਹੋਵੇਗੀ, ਹਾਲਾਂ ਕਿ ਈਡਨ ਗਾਰਡਨ ਦੀ ਤੁਲਨਾ ਇੱਥੇ ਦੌੜਾ ਬਣਾਉਣੀਆਂ ਜ਼ਿਆਦਾ ਮੁਸ਼ਕਲ ਨਹੀਂ ਹੋਣਗੀਆਂ। ਕੋਹਲੀ ਨੇ ਦਬਾਅ ਦੇ ਚਲਦਿਆਂ ਸੈਂਕੜਾ ਲਗਾ ਕੇ ਇਹ ਸਾਬਤ ਕਰ ਦਿਤਾ ਕਿ ਉਸ ਨੂੰ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ 'ਚ ਕਿਉਂ ਸ਼ੁਮਾਰ ਕੀਤਾ ਜਾਂਦਾ ਹੈ।
(ਏਜੰਸੀ)