
ਨਵੀਂ ਦਿੱਲੀ : ਦੋ ਟੈਸਟ ਮੈਚਾਂ ਦੀ ਪਾਬੰਦੀ ਝੱਲ ਰਹੇ ਦਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਮੰਗਲਵਾਰ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਟੈਸਟ ਰੈਂਕਿੰਗ ਵਿਚ ਅਪਣਾ ਪਹਿਲਾ ਸਥਾਨ ਵਾਪਸ ਹਾਸਲ ਕਰ ਲਿਆ ਹੈ। ਦਖਣੀ ਅਫ਼ਰੀਕਾ ਵਿਚ ਚੱਲ ਰਹੀ ਲੜੀ ਵਿਚ ਰਬਾਡਾ ਨੂੰ ਪੋਰਟ ਐਲਿਜ਼ਾਬੇਥ ਵਿਚ ਹੋਏ ਦੂਜੇ ਮੈਚ ਵਿਚ 11 ਵਿਕਟਾਂ ਲੈਣ ਤੋਂ ਬਾਅਦ ਰੈਂਕਿੰਗ 'ਚ ਇਹ ਉਛਾਲ ਮਿਲੀ ਤੇ ਉਹ ਟੈਸਟ ਗੇਂਦਬਾਜ਼ੀ ਵਿਚ ਫਿਰ ਤੋਂ ਚੋਟੀ ਦਾ ਗੇਂਦਬਾਜ਼ ਬਣ ਗਿਆ ਹੈ। ਉਸ ਦੇ ਪ੍ਰਦਰਸ਼ਨ ਦੀ ਬਦੌਲਤ ਦਖਣੀ ਅਫ਼ਰੀਕਾ ਨੇ ਦੂਜਾ ਮੈਚ 118 ਦੌੜਾਂ ਨਾਲ ਜਿੱਤ ਕੇ ਚਾਰ ਟੈਸਟਾਂ ਦੀ ਲੜੀ 1-1 ਨਾਲ ਬਰਾਬਰ ਕੀਤੀ ਸੀ।
ਰਬਾਡਾ ਨੇ ਇਸ ਨਾਲ ਪਹਿਲੀ ਵਾਰ ਕਰੀਅਰ ਵਿਚ 900 ਰੈਂਕਿੰਗ ਅੰਕਾਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਉਹ ਵਰਨੇਨ ਫੀਲੈਂਡਰ, ਸ਼ਾਨ ਪੋਲਕ ਤੇ ਡੇਲ ਸਟੇਨ ਤੋਂ ਬਾਅਦ ਇਹ ਕਾਮਯਾਬੀ ਹਾਸਲ ਕਰਨ ਵਾਲਾ ਦਖਣੀ ਅਫ਼ਰੀਕਾ ਦਾ ਚੌਥਾ ਗੇਂਦਬਾਜ਼ ਹੈ ਤੇ ਫ਼ਿਲਹਾਲ ਉਸ ਦੀ ਰੈਂਕਿੰਗ ਵਿਚ 902 ਰੇਟਿੰਗ ਅੰਕ ਹਨ ਤੇ ਦੂਜੇ ਨੰਬਰ 'ਤੇ ਮੌਜੂਦ ਇੰਗਲੈਂਡ ਦੇ ਐਂਡਰਸਨ ਤੋਂ ਉਹ 15 ਅੰਕ ਅੱਗੇ ਹੈ।
ਹਾਲਾਂਕਿ ਫ਼ਿਲਹਾਲ ਰਬਾਡਾ ਮੌਜੂਦਾ ਲੜੀ ਦੇ ਦੂਜੇ ਮੈਚ ਦੌਰਾਨ ਦੋ ਵੱਖ-ਵੱਖ ਘਟਨਾਵਾਂ ਵਿਚ ਆਈ.ਸੀ.ਸੀ. ਤੋਂ ਚਾਰ ਡੀ-ਮੈਰਿਟ ਅੰਕਾਂ ਕਾਰਨ ਲੜੀ ਦੇ ਬਾਕੀ ਦੋਵੇਂ ਮੈਚਾਂ ਤੋਂ ਬਾਹਰ ਹੋ ਗਿਆ ਹੈ। ਰਬਾਡਾ ਕਰੀਅਰ ਵਿਚ ਤੀਜੀ ਪਾਬੰਦੀ ਤੋਂ ਵੀ ਸਿਰਫ 3 ਡੀ-ਮੈਰਿਟ ਅੰਕ ਹੀ ਦੂਰ ਹੈ। ਰਬਾਡਾ ਨੇ ਕਰੀਅਰ ਦੇ 28 ਟੈਸਟ ਮੈਚਾਂ ਵਿਚ ਚਾਰ ਵਾਰ ਮੈਚ ਵਿਚ 10 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਵੀ ਅਪਣੇ ਨਾਂ ਕਰ ਲਿਆ ਹੈ।