
ਐਡਮਿੰਟਨ,
18 ਸਤੰਬਰ: ਰਾਮਕੁਮਾਰ ਰਾਮਨਾਥਨ ਨੂੰ ਕਰੋ ਜਾਂ ਮਰੋ ਦੇ ਚੌਥੇ ਮੈਚ 'ਚ ਹਾਰ ਦਾ ਸਾਹਮਣਾ
ਕਰਨਾ ਪਿਆ, ਜਿਸ ਨਾਲ ਭਾਰਤ ਨੂੰ ਇਕ ਵਾਰ ਫ਼ਿਰ ਏਸ਼ੀਆ ਖੇਤਰ 'ਚ ਚੁਣੌਤੀ ਪੇਸ਼ ਕਰਨੀ
ਪਵੇਗੀ, ਜਦੋਂ ਕਿ ਡੇਨਿਸ ਸ਼ਾਪੋਵਾਲੋਵ ਨੇ ਇੱਥੇ ਕੈਨੇਡਾ ਨੂੰ 3-2 ਨਾਲ ਜਿੱਤ ਦਿਵਾ ਕੇ
ਇਕ ਵਾਰ ਮੁੜ ਐਲੀਟ ਡੇਵਿਸ ਕੱਪ ਵਿਸ਼ਵ ਗਰੁੱਪ ਟੈਨਿਸ ਟੂਰਨਾਮੈਂਟ 'ਚ ਵਾਪਸੀ ਕਰਵਾਈ।
ਭਾਰਤ
ਨੂੰ ਰਾਮ ਕੁਮਾਰ ਨਾਲ ਮੁਕਾਬਲੇ ਦੇ ਆਖ਼ਰੀ ਦਿਨ ਚਮਤਕਾਰ ਦੀ ਉਮੀਦ ਸੀ ਪਰ ਉਹ ਮੌਕੇ ਤੋਂ
ਖੁੰਝ ਗਏ, ਜਿਸ ਨਾਲ ਦੁਨੀਆ ਦੇ 51ਵੇਂ ਨੰਬਰ ਦੇ ਖਿਡਾਰੀ ਸ਼ਾਪੋਵਾਲੋਵ ਨੇ 6-3, 7-6,
6-3 ਦੀ ਜਿੱਤ ਨਾਲ ਕੈਨੇਡਾ ਨੂੰ 3-1 ਨਾਲ ਜਿੱਤ ਦਿਵਾਈ। ਯੂਕੀ ਨੇ ਇਸ ਤੋਂ ਬਾਅਦ ਮਹਿਜ਼
ਰਸਮੀ ਪੰਜਵੇਂ ਮੈਚ 'ਚ ਬ੍ਰਾਇਡਨ ਸ਼ਨੂਰ ਨੂੰ 6-4, 4-6, 6-4 ਨਾਲ ਹਰਾਇਆ ਪਰ ਭਾਰਤ ਨੂੰ
ਕੈਨੇਡਾ ਵਿਰੁਧ ਇੰਡੋਰ ਕੋਰਟ 'ਚ ਹੋਏ ਵਿਸ਼ਵ ਗਰੁੱਪ ਪਲੇ ਆਫ਼ ਮੁਕਾਬਲੇ 'ਚ 2-3 ਨਾਲ ਹਾਰ
ਦਾ ਸਾਹਮਣਾ ਕਰਨਾ ਪਿਆ। ਉਤਾਰ ਚੜ੍ਹਾਅ ਨਾਲ ਭਰੇ ਮੈਚ 'ਚ ਯੂਕੀ ਨੇ ਫ਼ੈਸਲਾਕੁੰਨ ਸੈੱਟ 'ਚ
ਸ਼ੁਰੂਆਤੀ ਬਰੇਕ ਤੋਂ ਉਭਰਦਿਆਂ ਪੰਜਵੇਂ ਮੈਚ 'ਚ ਪੁਆਇੰਟ 'ਤੇ ਜਿੱਤ ਦਰਜ ਕੀਤੀ। ਭਾਰਤ
ਇਸ ਦੇ ਨਾਲ ਹੀ ਲਗਾਤਾਰ ਚੌਥੇ ਸਾਲ ਪਲੇ ਆਫ਼ ਦੀ ਮੁਸ਼ਕਲ ਨੂੰ ਪਾਰ ਕਰਨ 'ਚ ਅਸਫ਼ਲ ਰਿਹਾ।
ਪਿਛਲੇ ਤਿੰਨਾਂ ਯਤਨਾਂ 'ਚ ਉਸ ਨੂੰ ਸਰਬੀਆ, ਚੇਕ ਗਣਰਾਜ ਅਤੇ ਸਪੇਨ ਵਿਰੁਧ ਹਾਰ ਦਾ
ਸਾਹਮਣਾ ਕਰਨਾ ਪਿਆ ਹੈ। ਕੈਨੇਡਾ ਨੇ ਇਸ ਤਰ੍ਹਾਂ ਪਿਛਲੇ ਸਾਲ ਫ਼ਰਵਰੀ 'ਚ ਗ੍ਰੇਟ ਬ੍ਰਿਟੇਨ
ਵਿਰੁਧ ਪਹਿਲੇ ਦੌਰ 'ਚ ਮਿਲੀ ਹਾਰ ਤੋਂ ਬਾਅਦ 16 ਦੇਸ਼ਾਂ ਦੇ ਵਿਸ਼ਵ ਗਰੁੱਪ 'ਚ ਵਾਪਸੀ
ਕੀਤੀ। ਭਾਰਤ ਨੂੰ ਹੁਣ ਮੁੜ ਪਲੇਅ ਆਫ਼ ਪੜਾਅ ਤਕ ਪਹੁੰਚਣ ਲਈ 2018 'ਚ ਏਸ਼ੀਆ ਓਸਿਆਨਾ
ਗਰੁੱਪ ਇਕ 'ਚ ਚੁਣੌਤੀ ਪੇਸ਼ ਕਰਨੀ ਹੋਵੇਗੀ।
ਭਾਰਤੀ ਟੀਮ ਦੇ ਗ਼ੈਰ-ਖਿਡਾਰੀ ਕਪਤਾਨ
ਮਹੇਸ਼ ਭੂਪਤੀ ਨੂੰ ਤਿੰਨੇ ਦਿਨ ਮੌਕੇ ਗਵਾਉਣ ਦਾ ਦੁੱਖ ਹੈ। ਭੂਪਤੀ ਨੇ ਦਸਿਆ ਕਿ ਅਸੀਂ
ਮੌਕੇ ਦਾ ਫ਼ਾਇਦਾ ਨਹੀਂ ਉਠਾਇਆ। ਅੱਜ ਸਮੇਤ ਸਾਨੂੰ ਹਰ ਰੋਜ਼ ਮੌਕੇ ਮਿਲੇ। ਅੱਜ ਦੂਸਰੇ
ਸੈੱਟ 'ਚ ਬਰਾਬਰੀ ਪ੍ਰਾਪਤ ਕਰਨ ਲਈ ਰਾਮਕੁਮਾਰ ਕੋਲ ਚਾਰ ਸੈੱਟ ਪੁਆਇੰਟ ਸਨ। ਮੁਕਾਬਲੇ ਦੇ
ਸਾਕਰਾਤਮਕ ਪੱਖਾਂ 'ਤੇ ਭੂਪਤੀ ਨੇ ਕਿਹਾ ਕਿ ਅਸੀਂ ਸਖ਼ਤ ਟੱਕਰ ਦਿਤੀ ਅਤੇ ਅਸੀਂ ਇਸ ਵਿਸ਼ਵ
ਗਰੁੱਪ 'ਚ ਜਗ੍ਹਾ ਬਣਾਉਣ ਦੇ ਕਾਫ਼ੀ ਕਰੀਸ ਸਾਂ। ਅਗਲੇ ਸਾਲ ਇਸ ਸਮੇਂ ਮੈਨੂੰ ਯੂਕੀ ਅਤੇ
ਰਾਮਕੁਮਾਰ ਦੋਵਾਂ ਦੇ ਪਹਿਲੇ 100 'ਚ ਸ਼ਾਮਲ ਹੋਣ ਦੀ ਉਮੀਦ ਹੈ। (ਭਾਸ਼ਾ)