
ਐਫ.ਆਈ.ਆਰ. ਵਿਚ ਪੰਜ ਵਿਦਿਆਰਥੀਆਂ ਆਯੁਸ਼ ਯਾਦਵ, ਜਾਹਨਵੀ ਮਿਸ਼ਰਾ, ਮਿਲਨ ਬੈਨਰਜੀ, ਵਿਵੇਕ ਸਿੰਘ ਅਤੇ ਆਰੀਆਮਾਨ ਸ਼ੁਕਲਾ ਦੇ ਨਾਮ ਸ਼ਾਮਲ
ਲਖਨਊ : ਲਖਨਊ ਦੀ ਐਮੀਟੀ ਯੂਨੀਵਰਸਿਟੀ ਦੇ 6 ਵਿਦਿਆਰਥੀਆਂ ਵਿਰੁਧ ਕਾਨੂੰਨ ਦੇ ਦੂਜੇ ਸਾਲ ਦੇ ਇਕ ਵਿਦਿਆਰਥੀ ਉਤੇ ਹਮਲਾ ਕਰਨ ਅਤੇ ਧਮਕੀ ਦੇਣ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ।
ਪੀੜਤ ਸ਼ਿਖਰ ਮੁਕੇਸ਼ ਕੇਸਰਵਾਨੀ ਨੂੰ 26 ਅਗੱਸਤ ਨੂੰ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਇਕ ਗੱਡੀ ਦੇ ਅੰਦਰ ਉਸ ਦੇ ਸਹਿਪਾਠੀਆਂ ਨੇ ਕਥਿਤ ਤੌਰ ਉਤੇ ‘50-60 ਵਾਰ’ ਥੱਪੜ ਮਾਰਿਆ ਸੀ। ਪੁਲਿਸ ਨੇ ਦਸਿਆ ਕਿ ਸ਼ਿਖਰ ਦੇ ਪਿਤਾ ਮੁਕੇਸ਼ ਕੇਸਰਵਾਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਐਫ.ਆਈ.ਆਰ. ਵਿਚ ਪੰਜ ਵਿਦਿਆਰਥੀਆਂ ਆਯੁਸ਼ ਯਾਦਵ, ਜਾਹਨਵੀ ਮਿਸ਼ਰਾ, ਮਿਲਨ ਬੈਨਰਜੀ, ਵਿਵੇਕ ਸਿੰਘ ਅਤੇ ਆਰੀਆਮਾਨ ਸ਼ੁਕਲਾ ਦੇ ਨਾਮ ਸ਼ਾਮਲ ਹਨ।
ਸ਼ਿਖਰ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਬੇਟੇ ਸਦਮੇ ਵਿਚ ਹੈ ਅਤੇ ਕਲਾਸਾਂ ਵਿਚ ਜਾਣ ਲਈ ਤਿਆਰ ਨਹੀਂ ਹੈ। ਉਹ ਮਲਹੌਰ ਕੈਂਪਸ ਵਿਚ ਬੀ.ਏ. ਐਲ.ਐਲ.ਬੀ. ਦਾ ਵਿਦਿਆਰਥੀ ਹੈ। ਮੁਕੇਸ਼ ਨੇ ਦਸਿਆ ਕਿ ਸ਼ਿਖਰ ਕਾਲਜ ਜਾ ਰਿਹਾ ਸੀ ਜਦੋਂ ਉਸ ਦੀ ਦੋਸਤ ਸੌਮਿਆ ਸਿੰਘ ਯਾਦਵ ਨੇ ਉਸ ਨੂੰ ਅਪਣੀ ਕਾਰ ’ਚ ਹੰਨੇਮਾਨ ਚੌਰਾਹੇ ਉਤੇ ਚੁੱਕ ਲਿਆ। ਜਿਵੇਂ ਹੀ ਉਹ ਕੈਂਪਸ ਪਾਰਕਿੰਗ ਵਿਚ ਪਹੁੰਚੇ, ਮੁਲਜ਼ਮਾਂ ਨੇ ਉਸ ਦਾ ਸਾਹਮਣਾ ਕੀਤਾ ਅਤੇ ਕਿਹਾ ਕਿ ਉਹ ‘ਗੱਲ’ ਕਰਨਾ ਚਾਹੁੰਦੇ ਹਨ।
ਉਹ ਸੌਮਿਆ ਦੀ ਗੱਡੀ ਵਿਚ ਸਵਾਰ ਹੋ ਗਏ, ਜਿੱਥੇ ਪੀੜਤਾ ਨੂੰ ਕਥਿਤ ਤੌਰ ਉਤੇ ਧਮਕੀ ਦਿਤੀ ਗਈ ਅਤੇ ਲਗਭਗ 45 ਮਿੰਟ ਤਕ ਗਾਲ੍ਹਾਂ ਕੱਢੀਆਂ ਗਈਆਂ। ਪੀੜਤ ਦੇ ਪਿਤਾ ਨੇ ਕਿਹਾ, ‘‘11 ਅਗੱਸਤ ਨੂੰ ਮੇਰੇ ਬੇਟੇ ਦੀ ਲਿਗਾਮੈਂਟ ਸਰਜਰੀ ਹੋਈ। ਉਹ ਡੰਡੇ ਦੀ ਮਦਦ ਨਾਲ ਤੁਰ ਰਿਹਾ ਸੀ। ਜਾਹਨਵੀ ਮਿਸ਼ਰਾ ਅਤੇ ਆਯੁਸ਼ ਯਾਦਵ ਨੇ ਫਿਰ ਮੇਰੇ ਬੇਟੇ ਨੂੰ ਘੱਟੋ-ਘੱਟ 50 ਤੋਂ 60 ਵਾਰ ਥੱਪੜ ਮਾਰਿਆ ਅਤੇ ਮੇਰੇ ਅਤੇ ਮੇਰੇ ਮਾਪਿਆਂ ਨਾਲ ਵੀ ਬਦਸਲੂਕੀ ਕੀਤੀ। ਉਨ੍ਹਾਂ ਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ।’’
ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਅਤੇ ਮਿਲਾਏ ਬੈਨਰਜੀ ਨੇ ਹਮਲੇ ਨੂੰ ਰੀਕਾਰਡ ਕੀਤਾ ਅਤੇ ਕੈਂਪਸ ਵਿਚ ਵੀਡੀਉ ਫੈਲਾਇਆ। ਉਨ੍ਹਾਂ ਨੇ ਪੀੜਤ ਦਾ ਫੋਨ ਵੀ ਤੋੜ ਦਿਤਾ।