
ਚੋਰ ਜੈਨ ਪੁਜਾਰੀ ਦੇ ਭੇਸ ਵਿਚ ਆਇਆ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਿਆ
ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹਾ ਕੰਪਲੈਕਸ ’ਚ ਇਕ ਜੈਨ ਧਾਰਮਕ ਸਮਾਗਮ ਦੌਰਾਨ ਸੁਰੱਖਿਆ ਦੀ ਵੱਡੀ ਉਲੰਘਣਾ ਵੇਖਣ ਨੂੰ ਮਿਲੀ ਜਦੋਂ ਕਰੀਬ ਡੇਢ ਕਰੋੜ ਰੁਪਏ ਦੇ ਦੋ ਸੋਨੇ ਦੇ ਕਲਸ਼ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ।
ਸੀ.ਸੀ.ਟੀ.ਵੀ. ਫੁਟੇਜ ਵਿਚ ਵਿਖਾਇਆ ਗਿਆ ਕਿ ਚੋਰ ਜੈਨ ਪੁਜਾਰੀ ਦੇ ਭੇਸ ਵਿਚ ਆਇਆ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਭਰੋਸਾ ਦਿਤਾ ਹੈ ਕਿ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਚੋਰੀ ਕੀਤੀਆਂ ਚੀਜ਼ਾਂ ਵਿਚ ਇਕ ਸੋਨੇ ਦਾ ਕਲਸ਼ ਅਤੇ ਲਗਭਗ 760 ਗ੍ਰਾਮ ਸੋਨੇ ਦਾ ਨਾਰੀਅਲ ਅਤੇ ਨਾਲ ਹੀ ਹੀਰੇ, ਪੰਨਾ ਅਤੇ ਰੂਬੀ ਨਾਲ ਜੜੀ 115 ਗ੍ਰਾਮ ਦੀ ਇਕ ਛੋਟੀ ਜਿਹੀ ਸੋਨੇ ਦੀ ਝਾਰੀ ਸ਼ਾਮਲ ਹੈ। ਇਹ ਵਸਤੂਆਂ ਜੈਨ ਰੀਤੀ-ਰਿਵਾਜਾਂ ਵਿਚ ਵਰਤੀਆਂ ਜਾਂਦੀਆਂ ਹਨ, ਇਸ ਲਈ ਇਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਇਹ ਚੀਜ਼ਾਂ ਕਾਰੋਬਾਰੀ ਸੁਧੀਰ ਜੈਨ ਦੀਆਂ ਸਨ, ਜੋ ਰੋਜ਼ਾਨਾ ਦੀਆਂ ਰਸਮਾਂ ਲਈ ਇਹ ਕੀਮਤੀ ਚੀਜ਼ਾਂ ਲਿਆਉਂਦੇ ਸਨ। ਇਹ ਚੋਰੀ ਬੁਧਵਾਰ ਨੂੰ ਲਾਲ ਕਿਲ੍ਹਾ ਕੰਪਲੈਕਸ ਦੇ 15 ਅਗੱਸਤ ਪਾਰਕ ਵਿਚ 10 ਦਿਨਾਂ ਦੇ ਚਲ ਰਹੇ ਧਾਰਮਕ ਸਮਾਗਮ ‘ਦਸਲਕਸ਼ਣ ਮਹਾਪਰਵ’ ਦੌਰਾਨ ਹੋਈ। ਸੀ.ਸੀ.ਟੀ.ਵੀ. ਕੈਮਰੇ ’ਚ ਸ਼ੱਕੀ ਜੈਨ ਪੁਜਾਰੀ ਦੇ ਰੂਪ ’ਚ ਕੀਮਤੀ ਸਾਮਾਨ ਨਾਲ ਭਰਿਆ ਬੈਗ ਲੈ ਕੇ ਭੱਜਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਚੋਰੀ ਉਸ ਸਮੇਂ ਹੋਈ ਜਦੋਂ ਪ੍ਰਬੰਧਕ ਮਹਿਮਾਨਾਂ ਦੇ ਸਵਾਗਤ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਸਨ। ਜਦੋਂ ਸਮਾਰੋਹ ਦੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਈਆਂ ਤਾਂ ਸਟੇਜ ਤੋਂ ਸਾਮਾਨ ਗਾਇਬ ਪਾਇਆ ਗਿਆ।
ਸੁਧੀਰ ਜੈਨ ਨੇ ਪੱਤਰਕਾਰਾਂ ਨੂੰ ਦਸਿਆ, ‘‘ਚੋਰ ਨੇ ਭੀੜ ਦਾ ਫਾਇਦਾ ਉਠਾਇਆ। ਰਤਨ ਸਿਰਫ ਵਿਖਾਵੇ ਲਈ ਹਨ। ਪਰ ‘ਕਲਸ਼’ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਅਸੀਂ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਕੀਮਤ ਨਹੀਂ ਲਗਾ ਸਕਦੇ।’’ ਸੁਧੀਰ ਜੈਨ ਦੇ ਰਿਸ਼ਤੇਦਾਰ ਪੁਨੀਤ ਜੈਨ ਨੇ ਦੋਸ਼ ਲਾਇਆ ਕਿ ਚੋਰ ਨੇ ਪਹਿਲਾਂ ਵੀ ਤਿੰਨ ਮੰਦਰਾਂ ’ਚ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਸਨ।