ਪੁਲਿਸ ਨੇ ਇਕ ਵਿਅਕਤੀ ਨੂੰ ਲਿਆ ਹਿਰਾਸਤ ’ਚ
ਏਟਾ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ’ਚ ਪੁਲਿਸ ਨੇ ਮਾਤਾ-ਪਿਤਾ, ਪਤਨੀ ਅਤੇ ਬੇਟੀ ਦਾ ਕਤਲ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਮੁਲਜ਼ਮ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਪਰਵਾਰ ਉਤੇ ਪਏ ਆਰਥਕ ਦਬਾਅ ਕਾਰਨ ਇਹ ਵਾਰਦਾਤ ਵਾਪਰੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਕਮਲ ਸਿੰਘ ਦੇ ਰੂਪ ਵਿਚ ਹੋਈ ਹੈ। ਉਸ ਨੂੰ ਸੋਮਵਾਰ ਨੂੰ ਕੋਤਵਾਲੀ ਨਗਰ ਥਾਣਾ ਖੇਤਰ ਸਥਿਤ ਉਸ ਦੇ ਦੋ ਮੰਜ਼ਿਲਾ ਮਕਾਨ ’ਚ ਪਰਵਾਰ ਦੇ ਚਾਰ ਜੀਆਂ ਦੇ ਕਤਲ ਤੋਂ ਬਾਅਦ ਹਿਰਾਸਤ ‘ਚ ਲਿਆ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਂਚ ’ਚ ਸੰਕੇਤ ਮਿਲੇ ਹਨ ਕਿ ਉਸ ਦੀ ਬੇਟੀ ਜਯੋਤੀ ਦੇ ਵਿਆਹ ਤੋਂ ਪਹਿਲਾਂ ਪਰਵਾਰ ਦੀਆਂ ਆਰਥਕ ਸਮੱਸਿਆਵਾਂ ਕਾਰਨ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਹਾਲਾਂਕਿ ਮਕਸਦ ਦੀ ਅਜੇ ਪੁਸ਼ਟੀ ਕੀਤੀ ਜਾ ਰਹੀ ਹੈ।’’ ਜਯੋਤੀ ਦਾ ਵਿਆਹ ਅਗਲੇ ਮਹੀਨੇ ਤੈਅ ਸੀ। ਮ੍ਰਿਤਕਾਂ ਦੀ ਪਛਾਣ ਗੰਗਾ ਸਿੰਘ (70), ਉਸ ਦੀ ਪਤਨੀ ਸ਼ਿਆਮਾ ਦੇਵੀ (65), ਪੋਤੀ ਜਯੋਤੀ (23) ਅਤੇ ਨੂੰਹ ਰਤਨਾ ਦੇਵੀ (43) ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਤਲ ਇੱਟ ਮਾਰ ਕੇ ਕੀਤੇ ਗਏ।
