ਪੁਲਿਸ ਨੇ ਕਿਹਾ ਕਿ ਨਸਲੀ ਸੋਸ਼ਣ ਦੇ ਅਜੇ ਤਕ ਕੋਈ ਸਬੂਤ ਨਹੀਂ ਮਿਲੇ
ਦੇਹਰਾਦੂਨ : ਦੇਹਰਾਦੂਨ ਪੁਲਿਸ ਨੇ ਤ੍ਰਿਪੁਰਾ ਦੇ ਵਿਦਿਆਰਥੀ ਏਂਜੇਲ ਚਕਮਾ ਦੀ ਹੱਤਿਆ ਦੀ ਜਾਂਚ ਲਈ ਇਕ ਐਸ.ਆਈ.ਟੀ. ਦਾ ਗਠਨ ਕੀਤਾ ਹੈ। ਪੁਲਿਸ ਨੇ ਦਸਿਆ ਕਿ ਨੌਜੁਆਨ ਉਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸ ਨੇ ਸ਼ਰਾਬ ਦੀ ਦੁਕਾਨ ਉਤੇ ਸਮੂਹ ਵਿਚ ਆਏ ਹਮਲਾਵਰਾਂ ਵਿਚ ਕੁੱਝ ‘ਮਜ਼ਾਕ’ ਉਤੇ ਇਤਰਾਜ਼ ਪ੍ਰਗਟਾਇਆ ਸੀ। ਦੇਹਰਾਦੂਨ ਦੇ ਐੱਸ.ਐੱਸ.ਪੀ. ਅਜੈ ਸਿੰਘ ਨੇ ਕਿਹਾ ਕਿ ਪੁਲਿਸ ਏਂਜੇਲ ਨੂੰ ਕਥਿਤ ਤੌਰ ਉਤੇ ਚਾਕੂ ਮਾਰ ਕੇ ਨੇਪਾਲ ਭੱਜ ਗਏ ਵਿਅਕਤੀ ਨੂੰ ਫੜਨ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਏਂਜਲ ਨੂੰ ਚਾਕੂ ਮਾਰਨ ਵਾਲੇ ਮੁੱਖ ਮੁਲਜ਼ਮ ਯਾਗੀਰਾਜ ਅਵਸਥੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਸ ਘਟਨਾ ਪਿੱਛੇ ਦੀ ਪੂਰੀ ਸੱਚਾਈ ਦਾ ਪਤਾ ਲੱਗ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸੋਸ਼ਲ ਮੀਡੀਆ ਪੋਸਟਾਂ ਦਾ ਨੋਟਿਸ ਲਿਆ ਹੈ ਜਿਸ ਵਿਚ ਇਸ ਘਟਨਾ ਲਈ ਨਸਲੀ ਉਦੇਸ਼ ਸ਼ਾਮਲ ਹੈ। ਐੱਸ.ਐੱਸ.ਪੀ. ਨੇ ਕਿਹਾ, ‘‘ਸਾਡੀ ਹੁਣ ਤਕ ਕੀਤੀ ਗਈ ਜਾਂਚ ਵਿਚ ਨਸਲੀ ਵਿਤਕਰੇ ਜਾਂ ਹਿੰਸਾ ਦਾ ਕੋਈ ਸਬੂਤ ਨਹੀਂ ਮਿਲਿਆ ਹੈ।’’ ਸ਼ਿਕਾਇਤਕਰਤਾ ਨੇ ਭਰਾਵਾਂ ਦੇ ਵਿਰੁਧ ‘ਜਾਤੀਵਾਦੀ ਟਿਪਣੀਆਂ’ ਦੀ ਵਰਤੋਂ ਦਾ ਜ਼ਿਕਰ ਕੀਤਾ ਸੀ, ਜਾਂਚ ਤੋਂ ਪਤਾ ਲੱਗਾ ਹੈ ਕਿ ਦੋ ਮੁਲਜ਼ਮ ਖੁਦ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸਬੰਧਤ ਹਨ। ਇੱਥੋਂ ਦੀ ਇਕ ਨਿੱਜੀ ਯੂਨੀਵਰਸਿਟੀ ’ਚ ਐਮਬੀਏ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਅੰਜੇਲ ਚਕਮਾ ਉਤੇ 9 ਦਸੰਬਰ ਨੂੰ ਕਥਿਤ ਤੌਰ ਉਤੇ ਚਾਕੂ ਅਤੇ ਕੜੇ ਨਾਲ ਹਮਲਾ ਕਰਨ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। 17 ਦਿਨਾਂ ਤਕ ਹਸਪਤਾਲ ਵਿਚ ਦਾਖਲ ਰਹਿਣ ਤੋਂ ਬਾਅਦ 26 ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਦੇ ਪਿਤਾ, ਜੋ ਇਸ ਸਮੇਂ ਮਨੀਪੁਰ ਦੇ ਤੰਗਜੇਂਗ ਵਿਚ ਤਾਇਨਾਤ ਬੀ.ਐਸ.ਐਫ. ਜਵਾਨ ਹਨ, ਨੇ ਦੋਸ਼ ਲਾਇਆ ਸੀ ਕਿ ਉਸ ਦੇ ਬੇਟੇ ਉਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਦੋਂ ਉਸ ਨੇ ਅਪਣੇ ਭਰਾ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਸਲੀ ਟਿਪਣੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਹਮਲਾਵਰਾਂ ਨੇ ਉਸਨੂੰ ‘ਚੀਨੀ’ ਕਿਹਾ। ਪਰਵਾਰ ਨੇ ਹਮਲਾਵਰਾਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
