
ਘਟ ਕੇ 137 ਬਿਲੀਅਨ ਡਾਲਰ ਹੋਈ ਮਸਕ ਦੀ ਜਾਇਦਾਦ
ਸੇਨ ਫਰਾਂਸਿਸਕੋ : ਟੇਸਲਾ ਦੇ ਮੁਖੀ ਅਤੇ ਟਵਿੱਟਰ ਦੇ ਨਵੇਂ ਸੀ.ਈ.ਓ. ਐਲਨ ਮਸਕ ਨੇ ਇੱਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ। ਅਸਲ ਵਿਚ ਅਮਰੀਕੀ ਅਰਬਪਤੀ ਐਲਨ ਮਸਕ ਦੇ ਨਾਮ ਸਭ ਤੋਂ ਘਟ ਸਮੇਂ ਵਿਚ ਪੈਸੇ ਕਮਾਉਣ ਮਗਰੋਂ ਉਨ੍ਹਾਂ ਨੂੰ ਗਵਾਉਣ ਦਾ ਅਨੋਖਾ ਰਿਕਾਰਡ ਜੁੜ ਗਿਆ ਹੈ। ਐਲਨ ਮਸਕ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ ਜਿਸ ਨੇ 200 ਬਿਲੀਅਨ ਡਾਲਰ ਦੀ ਦੌਲਤ ਗੁਆ ਦਿੱਤੀ ਹੈ। ਪਿਛਲੇ ਇੱਕ ਸਾਲ ਤੋਂ ਮਸਕ ਦੀ ਦੌਲਤ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਦੁਨੀਆ ਦੇ ਨੰਬਰ ਇੱਕ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਉਸ ਤੋਂ ਖੋਹ ਲਿਆ ਗਿਆ ਹੈ।
ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ, ਮਸਕ ਦੀ ਜਾਇਦਾਦ ਘੱਟ ਕੇ 137 ਬਿਲੀਅਨ ਡਾਲਰ 'ਤੇ ਆ ਗਈ ਹੈ, ਜੋ ਕਿ 4 ਨਵੰਬਰ, 2021 ਨੂੰ 340 ਬਿਲੀਅਨ ਡਾਲਰ ਦੇ ਉੱਚ ਪੱਧਰ 'ਤੇ ਸੀ। ਉਦੋਂ ਤੋਂ ਮਸਕ ਨੂੰ 200 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
ਮਸਕ ਦੀ ਦੌਲਤ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਉਸਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਦੀ ਕੀਮਤ ਵਿੱਚ ਕਮੀ ਹੈ। ਪਿਛਲੇ ਇਕ ਸਾਲ 'ਚ ਟੇਸਲਾ ਦੇ ਸ਼ੇਅਰਾਂ ਦੀ ਕੀਮਤ 'ਚ 69.20 ਫੀਸਦੀ ਦੀ ਕਮੀ ਆਈ ਹੈ। ਇਸ ਦੇ ਨਾਲ ਹੀ, ਇਲੈਕਟ੍ਰਿਕ ਵਹੀਕਲ ਸੈਗਮੈਂਟ ਵਿੱਚ ਦੂਜੀਆਂ ਕੰਪਨੀਆਂ ਦੇ ਸਖ਼ਤ ਮੁਕਾਬਲੇ, ਸ਼ੰਘਾਈ ਪਲਾਂਟ ਵਿੱਚ ਉਤਪਾਦਨ ਵਿੱਚ ਕਮੀ ਅਤੇ ਵਾਹਨਾਂ ਦੀ ਡਿਲੀਵਰੀ ਲੈਣ ਲਈ ਗਾਹਕਾਂ ਨੂੰ $7500 ਤੱਕ ਦੀ ਛੋਟ ਦੇਣ ਕਾਰਨ ਟੇਸਲਾ ਦਾ ਸਟਾਕ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ।