
135 ਦਿਨਾਂ ਅੰਦਰ ਅਫ਼ਗਾਨਿਸਤਾਨ 'ਚ ਅਪਣੇ ਫੌਜੀਆਂ ਦੀ ਗਿਣਤੀ ਸਿਰਫ਼ 8600 ਕਰੇਗਾ ਅਮਰੀਕਾ
ਅਗਲੇ 14 ਮਹੀਨਿਆਂ 'ਚ ਸਾਰੇ ਫ਼ੌਜੀ ਵਾਪਸ ਆਉਣਗੇ
ਜੇ ਤਾਲਿਬਾਨ ਸਮਝੌਤੇ 'ਤੇ ਖਰਾ ਨਾ ਉਤਰਿਆ ਤਾਂ ਅਮਰੀਕਾ ਵੀ ਫ਼ੌਜੀਆਂ ਦੀ ਵਾਪਸੀ ਲਈ ਮਜਬੂਰ ਨਹੀਂ : ਅਮਰੀਕਾ
ਅਫ਼ਗਾਨ ਸਰਕਾਰ ਅਤੇ ਤਾਲਿਬਾਨ ਵਿਚਕਾਰ ਬੈਠਕ 10 ਮਾਰਚ ਨੂੰ
ਵਾਸ਼ਿੰਗਟਨ: ਅਮਰੀਕਾ ਨੇ ਤਾਲਿਬਾਨ ਨਾਲ ਸਨਿਚਰਵਾਰ ਨੂੰ ਇਕ ਇਤਿਹਾਸਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਤਾਲਿਬਾਨ ਨਾਲ ਹੋਏ ਸਮਝੌਤੇ ਮੁਤਾਬਕ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ 14 ਮਹੀਨਿਆਂ ਅੰਦਰ ਅਫ਼ਗਾਨਿਸਤਾਨ ਤੋਂ ਅਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲੈਣਗੇ। ਇਸ ਨੂੰ ਅਮਰੀਕਾ ਅਤੇ ਅਫ਼ਗਾਨਿਸਤਾਨ ਵਿਚਕਾਰ 18 ਸਾਲਾਂ ਤੋਂ ਚਲ ਰਹੀ ਜੰਗ ਦਾ ਅੰਤ ਮੰਨਿਆ ਜਾ ਰਿਹਾ ਹੈ।
Photo
ਐਲਾਨ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਸਮਝੌਤੇ 'ਤੇ ਹਸਤਾਖ਼ਰ ਹੋਣ ਤੋਂ 135 ਦਿਨਾਂ ਅੰਦਰ ਸ਼ੁਰੂਆਤੀ ਤੌਰ 'ਤੇ ਅਮਰੀਕਾ ਅਤੇ ਇਸ ਦੇ ਸਾਥੀ ਅਪਣੇ ਫ਼ੌਜੀਆਂ ਦੀ ਗਿਣਤੀ 'ਚ ਕਟੌਤੀ ਕਰ ਕੇ ਇਸ ਨੂੰ 8600 ਤਕ ਕਰਨਗੇ। ਜਦਕਿ ਇਸ ਤੋਂ 14 ਮਹੀਨਿਆਂ ਬਾਅਦ ਅਫ਼ਗਾਨੀਸਤਾਨ ਤੋਂ ਅਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲੈਣਗੇ। ਇਸ ਵੇਲੇ ਅਫ਼ਗਾਨਿਸਤਾਨ 'ਚ ਅਮਰੀਕਾ ਦੇ 13 ਹਜ਼ਾਰ ਫ਼ੌਜੀ ਹਨ।
Photo
ਤਾਲਿਬਾਨ ਨਾਲ ਹੋਏ ਸਮਝੌਤੇ ਮੁਤਾਬਕ ਅਮਰੀਕਾ ਅਫ਼ਗਾਨਿਸਤਾਨ 'ਚ ਅਪਣੇ ਫ਼ੌਜੀਆਂ ਦੀ ਗਿਣਤੀ ਘੱਟ ਕਰ ਕੇ 8600 ਕਰਨ ਲਈ ਵਚਨਬੱਧ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਫ਼ਗਾਨੀ ਧਿਰ ਕਿਸੇ ਸਮਝੌਤੇ 'ਤੇ ਪੁੱਜਣ 'ਚ ਨਾਕਾਮ ਰਹਿੰਦਾ ਹੈ ਤਾਂ ਅਮਰੀਕਾ ਅਪਣੇ ਫ਼ੌਜੀਆਂ ਦੀ ਵਾਪਸੀ ਲਈ ਮਜਬੂਰ ਨਹੀਂ ਹੈ।
Photo
ਅਮਰੀਕਾ ਅਤੇ ਤਾਲਿਬਾਨ ਦੇ ਵਾਰਤਾਕਾਰਾਂ ਦੀ ਟੀਮ ਇਸ ਸਮਝੌਤੇ ਲਈ ਦੋਹਾ ਪੁੱਜੀ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਉ ਦਾ ਕਤਰ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਅਮਰੀਕਾ ਦੇ ਮੁੱਖ ਵਾਰਤਾਕਾਰ ਜਲਮੇ ਖਲੀਲਜਾਦ ਵੀ ਮੌਜੂਦ ਸਨ। ਇਹ ਸਮਝੌਤਾ ਪੋਂਪੀਉ ਦੀ ਹਾਜ਼ਰੀ 'ਚ ਭਾਰਤ ਸਮੇਤ ਕਈ ਹੋਰ ਵਿਦੇਸ਼ੀ ਸਫ਼ੀਰਾਂ ਦੀ ਹਾਜ਼ਰੀ 'ਚ ਹੋਇਆ।
Photo
ਪੋਂਪੀਉ ਨੇ ਹੋਰ ਅਤਿਵਾਦੀ ਸਮੂਹਾਂ ਨਾਲ ਸਬੰਧ ਖ਼ਤਮ ਕਰਨ ਦੀ ਤਾਲਿਬਾਨ ਦਾ ਅਹਿਦ ਉਸ ਨੂੰ ਯਾਦ ਦਿਵਾਇਆ। ਉਨ੍ਹਾਂ ਕਿਹਾ, ''ਮੈਂ ਜਾਣਦਾ ਹਾਂ ਕਿ ਜਿੱਤ ਦੇ ਐਲਾਨ ਦਾ ਲਾਲਚ ਹੋਵੇਗਾ ਪਰ ਅਫ਼ਗਾਨੀਆਂ ਲਈ ਜਿੱਤ ਸਿਰਫ਼ ਉਦੋਂ ਹੀ ਹੋਵੇਗੀ ਜਦੋਂ ਉਹ ਸ਼ਾਂਤੀ ਨਾਲ ਰਹਿ ਸਕਣਗੇ ਅਤੇ ਖ਼ੁਸ਼ਹਾਲ ਬਣ ਸਕਣਗੇ।''
Photo ਇ
ਸਮਝੌਤੇ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਅਤੇ ਅਫ਼ਗਾਨ ਪ੍ਰਤੀਨਿਧੀਆਂ ਨੇ ਨਾਰਵੇ ਦੇ ਓਸਲੋ 'ਚ ਹੋਣ ਵਾਲੀ ਅਫ਼ਗਾਨ ਸਰਕਾਰ, ਤਾਲਿਬਾਨ ਅਤੇ ਹੋਰ ਸਮੂਹਾਂ ਦੇ ਪ੍ਰਤੀਨਿਧੀਆਂ ਦੀ 10 ਮਾਰਚ ਨੂੰ ਹੋਣ ਵਾਲੀ ਬੈਠਕ ਦੀ ਵੀ ਜਾਣਕਾਰੀ ਦਿਤੀ। 11 ਸਤੰਬਰ, 2001 ਦੇ ਹਮਲਿਆਂ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰੀ ਹੋਵੇਗਾ ਜਦੋਂ ਅਫ਼ਗਾਨਿਸਤਾਨ ਦੀ ਇਕ ਚੁਣੀ ਹੋਈ ਸਰਕਾਰ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਵਿਚਕਾਰ ਸ਼ਾਂਤੀ ਲਈ ਗੱਲਬਾਤ ਹੋਵੇਗੀ।