
Trump-Zelensky Meet: ''ਜ਼ੈਲੇਂਸਕੀ ਸ਼ਾਂਤੀ ਲਈ ਤਿਆਰ ਹੋਣ ਤਾਂ ਦੁਬਾਰਾ ਇੱਥੇ ਆ ਸਕਦੈ''
ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਵਿਚਾਲੇ ਹੋਈ ਬੈਠਕ 'ਚ ਕੁਝ ਵੀ ਠੀਕ ਨਹੀਂ ਰਿਹਾ। ਵਾਸ਼ਿੰਗਟਨ ਡੀਸੀ ਵਿੱਚ ਓਵਲ ਦਫ਼ਤਰ ਵਿੱਚ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਸ਼ੁਰੂ ਹੋਈ ਇਹ ਗੱਲਬਾਤ ਕੁਝ ਹੀ ਸਮੇਂ ਵਿੱਚ ਗਰਮਾ-ਗਰਮ ਬਹਿਸ ਵਿੱਚ ਬਦਲ ਗਈ। ਰੂਸ-ਯੂਕਰੇਨ ਜੰਗ ਨੂੰ ਲੈ ਕੇ ਦੋਹਾਂ ਨੇਤਾਵਾਂ ਦੇ ਵੱਖ-ਵੱਖ ਵਿਚਾਰਾਂ ਕਾਰਨ ਅਜਿਹਾ ਹੋਇਆ।
ਇਸ ਬਹਿਸ ਦਾ ਅਸਰ ਮੀਟਿੰਗ ਤੋਂ ਬਾਅਦ ਵੀ ਦੇਖਣ ਨੂੰ ਮਿਲਿਆ। ਓਵਲ ਆਫਿਸ ਤੋਂ ਬਾਹਰ ਆਉਂਦੇ ਹੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ 'ਤੇ ਅਮਰੀਕਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਫ਼ਿਲਹਾਲ ਰੂਸ ਨਾਲ ਜੰਗ ਖ਼ਤਮ ਨਹੀਂ ਕਰਨਾ ਚਾਹੁੰਦੇ ਹਨ।
ਜ਼ੈਲੇਂਸਕੀ ਨਾਲ ਮੁਲਾਕਾਤ ਤੋਂ ਕੁਝ ਦੇਰ ਬਾਅਦ ਡੋਨਾਲਡ ਟਰੰਪ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਵਿੱਚ ਲਿਖਿਆ ਗਿਆ, ''ਅੱਜ ਸਾਡੀ ਵ੍ਹਾਈਟ ਹਾਊਸ 'ਚ ਬਹੁਤ ਸਾਰਥਕ ਮੀਟਿੰਗ ਹੋਈ। ਬਹੁਤ ਕੁਝ ਸਮਝ ਆਇਆ ਅਤੇ ਇਹ ਉਹ ਚੀਜ਼ ਸੀ ਜੋ ਸ਼ਾਇਦ ਇੰਨੀ ਗਰਮ ਬਹਿਸ ਤੋਂ ਬਿਨਾਂ ਕਦੇ ਨਹੀਂ ਸਮਝੀ ਜਾ ਸਕਦੀ ਸੀ। ਇਹ ਅਸਲ ਵਿੱਚ ਦਿਲਚਸਪ ਹੈ ਕਿ ਭਾਵਨਾਵਾਂ ਦੁਆਰਾ ਕੀ-ਕੀ ਨਿਕਲਦਾ ਹੈ।
ਅੱਜ ਮੈਂ ਇਹ ਦੇਖਿਆ ਅਤੇ ਸਮਝਿਆ ਕਿ ਰਾਸ਼ਟਰਪਤੀ ਜ਼ੈਲੇਂਸਕੀ ਸ਼ਾਂਤੀ ਲਈ ਤਿਆਰ ਨਹੀਂ ਹਨ। ਅਜਿਹਾ ਇਸ ਲਈ ਵੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਦੀ ਹਿੱਸੇਦਾਰੀ ਉਨ੍ਹਾਂ ਨੂੰ ਸਮਝੌਤੇ 'ਚ ਵੱਡਾ ਲਾਭ ਦੇ ਸਕਦੀ ਹੈ। ਮੈਂ ਲਾਭ ਨਹੀਂ ਦੇਖਦਾ, ਮੈਂ ਸ਼ਾਂਤੀ ਚਾਹੁੰਦਾ ਹਾਂ। ਜ਼ੈਲੇਂਸਕੀ ਨੇ ਸਾਡੇ ਓਵਲ ਦਫ਼ਤਰ ਵਿੱਚ ਅਮਰੀਕਾ ਦਾ ਅਪਮਾਨ ਕੀਤਾ। ਜੇ ਉਹ ਹੁਣ ਸ਼ਾਂਤੀ ਲਈ ਤਿਆਰ ਹੋਣ 'ਤੇ ਦੁਬਾਰਾ ਇੱਥੇ ਆ ਸਕਦਾ ਹੈ।