
1 ਲੱਖ 90 ਹਜ਼ਾਰ ਤੋਂ ਵੱਧ ਮਰੀਜ਼ਾਂ 'ਤੇ ਕੀਤੀ ਗਈ ਖੋਜ
ਨਵੀਂ ਦਿੱਲੀ : ਲੰਬੇ ਸਮੇਂ ਤਕ ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਰਹਿਣ ਨਾਲ ਦਿਲ ਦੀ ਧੜਕਣ ਜਾਂ ਅਨਿਯਮਿਤ ਧੜਕਣ ਦਾ ਖ਼ਤਰਾ ਵਧ ਜਾਂਦਾ ਹੈ। ਚੀਨ ਦੇ 322 ਸ਼ਹਿਰਾਂ ਵਿਚ ਕੀਤੇ ਗਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਆਮ ਦਿਲ ਦੀ ਤਾਲ ਅਸਧਾਰਨਤਾਵਾਂ ਜਿਨ੍ਹਾਂ ਨੂੰ 'ਐਟਰੀਅਲ ਫ਼ਾਈਬਰਿਲੇਸ਼ਨ' ਅਤੇ 'ਐਟਰੀਅਲ ਫ਼ਲਟਰ' ਕਿਹਾ ਜਾਂਦਾ ਹੈ, ਦੁਨੀਆਂ ਭਰ ਵਿਚ ਅੰਦਾਜ਼ਨ 59.7 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਦਿਲ ਦੀ ਧੜਕਣ ਵਿਚ ਅਸਧਾਰਨਤਾਵਾਂ ਗੰਭੀਰ ਦਿਲ ਦੀ ਬਿਮਾਰੀ ਵੱਲ ਵਧ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਿਲ ਦੀ ਬਿਮਾਰੀ ਲਈ ਇਕ ਜੋਖ਼ਮ ਕਾਰਕ ਹੈ, ਪਰ ਇਸ ਨੂੰ ਐਰੀਥਮੀਆ ਨਾਲ ਜੋੜਨ ਵਾਲੇ ਸਬੂਤ ਢੁਕਵੇਂ ਨਹੀਂ ਹਨ। ਖੋਜਕਾਰਾਂ ਨੇ 322 ਚੀਨੀ ਸ਼ਹਿਰਾਂ ਦੇ 2025 ਹਸਪਤਾਲਾਂ ਦੇ ਅੰਕੜਿਆਂ ਦੀ ਵਰਤੋਂ ਹਵਾ ਪ੍ਰਦੂਸ਼ਣ ਦੇ ਪ੍ਰਤੀ ਘੰਟਾ ਐਕਸਪੋਜ਼ਰ ਅਤੇ ਐਰੀਥਮੀਆ ਦੇ ਲੱਛਣਾਂ ਦੀ ਅਚਾਨਕ ਸ਼ੁਰੂਆਤ ਦੇ ਵਿਚਕਾਰ ਸਬੰਧ ਦਾ ਮੁਲਾਂਕਣ ਕਰਨ ਲਈ ਕੀਤੀ।
ਚੀਨ ਦੇ ਸ਼ੰਘਾਈ ਵਿਚ ਫੂਡਾਨ ਯੂਨੀਵਰਸਿਟੀ ਤੋਂ ਰੇਂਜੀ ਚੇਨ ਨੇ ਕਿਹਾ, "ਸਾਨੂੰ ਪਤਾ ਲੱਗਾ ਹੈ ਕਿ ਵਾਤਾਵਰਣ ਦੇ ਵੱਧ ਰਹੇ ਪ੍ਰਦੂਸ਼ਣ ਦਾ ਐਰੀਥਮੀਆ ਦੇ ਵਧੇ ਹੋਏ ਜੋਖਮ ਨਾਲ ਡੂੰਘਾ ਸਬੰਧ ਹੈ, ਜਿਸ ਦੇ ਲੱਛਣ ਨਜ਼ਰ ਆਉਂਦੇ ਹਨ। ਪ੍ਰਦੂਸ਼ਣ ਦੇ ਸੰਪਰਕ 'ਚ ਆਉਣ ਦੇ ਪਹਿਲੇ ਕੁਝ ਘੰਟਿਆਂ ਦੌਰਾਨ ਖ਼ਤਰਾ ਦਿਖਾਈ ਦਿੰਦਾ ਹੈ ਅਤੇ 24 ਘੰਟਿਆਂ ਤਕ ਜਾਰੀ ਰਹਿ ਸਕਦਾ ਹੈ।"
ਅਧਿਐਨ ਵਿਚ 1,90,115 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ 'ਚ ਐਟਰੀਅਲ ਫ਼ਾਈਬਰਿਲੇਸ਼ਨ, ਐਟਰੀਅਲ ਫ਼ਲਟਰ, ਸਮੇਂ ਤੋਂ ਪਹਿਲਾਂ ਧੜਕਣ ਅਤੇ ਸੁਪ੍ਰਾਵੈਂਟ੍ਰਿਕੂਲਰ ਟੈਚੀਕਾਰਡੀਆ' ਸਮੇਤ ਦਿਲ ਦੀ ਧੜਕਣ ਦੀਆਂ ਬੇਨਿਯਮੀਆਂ ਦੀ ਤੀਬਰ ਸ਼ੁਰੂਆਤ ਸੀ।
ਉਨ੍ਹਾਂ ਨੇ ਕਿਹਾ ਕਿ ਛੇ ਪ੍ਰਦੂਸ਼ਕਾਂ ਵਿਚੋਂ, ਨਾਈਟ੍ਰੋਜਨ ਡਾਈਆਕਸਾਈਡ (NO2) ਦਾ ਸਾਰੇ ਚਾਰ ਕਿਸਮਾਂ ਦੇ ਐਰੀਥਮੀਆ ਨਾਲ ਸਭ ਤੋਂ ਮਜ਼ਬੂਤ ਸਬੰਧ ਹੈ ਅਤੇ ਜਿੰਨਾ ਜ਼ਿਆਦਾ ਐਕਸਪੋਜ਼ਰ (ਪ੍ਰਦੂਸ਼ਕਾਂ ਦੇ ਸੰਪਰਕ ਵਿਚ) ਹੋਵੇਗਾ, ਖ਼ਤਰਾ ਵੀ ਉਨਾਂ ਹੀ ਜ਼ਿਆਦਾ ਹੋਵੇਗਾ।
ਅਧਿਐਨ ਲੇਖਕਾਂ ਨੇ ਕਿਹਾ, "ਹਾਲਾਂਕਿ ਸਹੀ ਵਿਧੀਆਂ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ, ਪਰ ਅਸੀਂ ਹਵਾ ਪ੍ਰਦੂਸ਼ਣ ਅਤੇ ਐਰੀਥਮੀਆ ਦੀ ਸ਼ੁਰੂਆਤ ਦੇ ਵਿਚਕਾਰ ਜੋ ਸਬੰਧ ਦੇਖਿਆ ਹੈ, ਉਹ ਜੀਵਵਿਗਿਆਨਕ ਤੌਰ 'ਤੇ ਸੰਭਾਵਿਤ ਹੈ।"