
ਅਮਰੀਕੀ ਰਾਸ਼ਟਰਪਤੀ ਦਾ ਹੁਣ ਤਕ ਰਵੱਈਆ ਧਮਕਾਊ ਤੇ ਯਰਕਾਊ ਕਿਸਮ ਦਾ ਰਿਹਾ ਹੈ|
Donald Trump sticks tariff on India Editorial: ਭਾਰਤੀ ਵਸਤਾਂ ਦੀ ਦਰਾਮਦ ਉੱਤੇ 25 ਫ਼ੀਸਦੀ ਮਹਿਸੂਲ ਲਾਗੂ ਕਰਨ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਐਲਾਨ ਭਾਰਤ ਲਈ ਇਕ ਵੱਡਾ ਝਟਕਾ ਹੈ| ਟਰੰਪ ਨੇ ਉਪਰੋਕਤ ਮਹਿਸੂਲ ਤੋਂ ਇਲਾਵਾ ਰੂਸ ਤੋਂ ਤੇਲ ਤੇ ਜੰਗੀ ਸਾਜ਼ੋ-ਸਾਮਾਨ ਖ਼ਰੀਦਣ ਦੀ ਸਜ਼ਾ ਵਜੋਂ ਭਾਰਤੀ ਦਰਾਮਦਾਂ ਉੱਤੇ ਪੈਨਲਟੀ ਵੱਖਰੇ ਤੌਰ ’ਤੇ ਲਾਉਣ ਦਾ ਐਲਾਨ ਵੀ ਕੀਤਾ ਹੈ, ਪਰ ਇਸ ਪੈਨਲਟੀ ਦੀ ਦਰ ਨਹੀਂ ਐਲਾਨੀ| ਉਸ ਦਾ ਕਹਿਣਾ ਹੈ ਕਿ ਭਾਰਤ, ਅਮਰੀਕਾ ਦਾ ਮਿੱਤਰ ਦੇਸ਼ ਹੈ, ਪਰ ਉਹ ਅਪਣੀਆਂ ਮੰਡੀਆਂ ਅਮਰੀਕੀ ਉਤਪਾਦਾਂ ਲਈ ਨਹੀਂ ਖੋਲ੍ਹਦਾ| ਲਿਹਾਜ਼ਾ, ਉਸ ਉੱਤੇ ਸਖ਼ਤੀ ਕਰਨੀ ਜਾਇਜ਼ ਹੈ |
ਉਸ ਨੇ ਭਾਰਤ ਨੂੰ ਅਮਰੀਕਾ ਨਾਲ ਮਹਿਸੂਲ ਦਰਾਂ ਬਾਰੇ ਸੌਦਾ ਕਰਨ ਵਾਸਤੇ 31 ਜੁਲਾਈ ਤਕ ਮੋਹਲਤ ਦਿਤੀ ਸੀ| ਕਿਉਂਕਿ ਇਹ ਸੌਦਾ ਅਜੇ ਤਕ ਸਿਰੇ ਨਹੀਂ ਚੜ੍ਹਿਆ, ਲਿਹਾਜ਼ਾ ਪਹਿਲੀ ਅਗਸਤ ਤੋਂ ਨਵੀਆਂ ਮਹਿਸੂਲ ਦਰਾਂ ਭਾਰਤੀ ਬਰਾਮਦਾਂ ਉੱਤੇ ਲਾਗੂ ਹੋ ਜਾਣਗੀਆਂ| ਉਸ ਨੇ ਵਪਾਰ ਸੌਦਾ ਸਿਰੇ ਨਾ ਚੜ੍ਹਨ ’ਤੇ ਨਵੇਂ ਸਿਰਿਓਂ ਨਾਖ਼ੁਸ਼ੀ ਦਾ ਮੁਜ਼ਾਹਰਾ ਕਰਦਿਆਂ ਵੀਰਵਾਰ ਨੂੰ ਭਾਰਤੀ ਅਰਥਚਾਰੇ ਨੂੰ ‘ਮਰਿਆ ਹੋਇਆ’ ਕਰਾਰ ਦਿਤਾ| ਅਜਿਹੀ ਸ਼ਬਦਾਵਲੀ ਇਕ ਰਾਸ਼ਟਰਪਤੀ ਨੂੰ ਸ਼ੋਭਦੀ ਨਹੀਂ, ਪਰ ਟਰੰਪ ਅਪਣੀ ਜ਼ਿੱਦ ਪੁਗਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ|
ਭਾਰਤ ਸਰਕਾਰ ਆਰਜ਼ੀ ਸੌਦਾ ‘ਬਹੁਤ ਛੇਤੀ’ ਸਿਰੇ ਚੜ੍ਹਨ ਅਤੇ ਪੱਕਾ ਸੌਦਾ ਅਕਤੂਬਰ ਤਕ ਸਹੀਬੰਦ ਹੋਣ ਦੀ ਉਮੀਦ ਲਾਈ ਬੈਠੀ ਸੀ, ਪਰ ਹੁਣ ਟਰੰਪ ਨੇ ਇਸ ਉਮੀਦ ਉੱਤੇ ਪਾਣੀ ਫੇਰ ਦਿਤਾ ਹੈ| ਹੁਣ ਆਰਜ਼ੀ ਜਾਂ ਅੰਤਰਿਮ ਸੌਦਾ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹੀ| ਹਾਲਾਂਕਿ ਵਿਦੇਸ਼ੀ ਵਿਸ਼ਲੇਸ਼ਣਕਾਰ ਟਰੰਪ ਦੇ ਫ਼ੈਸਲੇ ਨਾਲ ਭਾਰਤ ਦੀ ਵਿਕਾਸ ਦਰ ਨੂੰ ਧੱਕਾ ਲੱਗਣ ਅਤੇ ਅਰਥਚਾਰੇ ਦਾ ਭਰਵਾਂ ਨੁਕਸਾਨ ਹੋਣ ਦੀਆਂ ਪੇਸ਼ੀਨਗੋਈਆਂ ਕਰ ਰਹੇ ਹਨ, ਪਰ ਭਾਰਤੀ ਵਿਸ਼ਲੇਸ਼ਣਕਾਰਾਂ ਨੂੰ ਉਮੀਦ ਹੈ ਕਿ ਸਿਰਫ਼ ਅਗਸਤ-ਸਤੰਬਰ ਮਹੀਨਿਆਂ ਦੌਰਾਨ ਭਾਰਤੀ ਬਰਾਮਦਾਂ ਵਿਚ ਕਮੀ ਆਏਗੀ| ਅਕਤੂਬਰ ਵਿਚ ਮਹਿਸੂਲ ਦਰਾਂ ਸਬੰਧੀ ਸੌਦਾ ਸਹੀਬੰਦ ਹੋਣ ਨਾਲ ਦੁਵੱਲਾ ਵਪਾਰ ਮੁੜ ਲੀਹ ’ਤੇ ਆਉਣਾ ਸ਼ੁਰੂ ਹੋ ਜਾਵੇਗਾ| ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਦੇ ਸਖ਼ਤ ਰੁਖ਼ ਦੇ ਬਾਵਜੂਦ ਅਮਰੀਕੀ ਵਣਜ ਮੰਤਰਾਲੇ ਦਾ ਰੁਖ਼ ਮੁਕਾਬਲਤਨ ਨਰਮ ਹੈ| ਲਿਹਾਜ਼ਾ, ਕੋਈ ਅਜਿਹਾ ਦਰਮਿਆਨਾ ਰਾਹ ਅਗਲੇ ਕੁਝ ਦਿਨਾਂ ਦੌਰਾਨ ਲੱਭ ਲਿਆ ਜਾਵੇਗਾ ਜੋ ਕਿ ਟਰੰਪ ਦੀ ਹੁਕਮ-ਅਦੂਲੀ ਵੀ ਨਾ ਜਾਪੇ ਅਤੇ ਭਾਰਤ ਦੇ ਹਿੱਤਾਂ ਨੂੰ ਵੀ ਜ਼ਿਆਦਾ ਢਾਹ ਲਾਉਣ ਵਾਲਾ ਨਾ ਹੋਵੇ|
ਅਮਰੀਕੀ ਰਾਸ਼ਟਰਪਤੀ ਦਾ ਹੁਣ ਤਕ ਰਵੱਈਆ ਧਮਕਾਊ ਤੇ ਯਰਕਾਊ ਕਿਸਮ ਦਾ ਰਿਹਾ ਹੈ| ਉਹ ਪਹਿਲਾਂ ਵੱਡੀ ਸਾਰੀ ਧਮਕੀ ਦਿੰਦਾ ਹੈ, ਫਿਰ ਦੂਜੇ ਮੁਲਕ ਨੂੰ ਯਰਕਾਉਣ ਦਾ ਯਤਨ ਕਰਦਾ ਹੈ ਅਤੇ ਜੇ ਉਹ ਮੁਲਕ ਨਾ ਯਰਕੇ ਤਾਂ ਟਰੰਪ ਦਾ ਰੁਖ਼ ਕੁੱਝ ਸੁਲ੍ਹਾਵਾਦੀ ਹੋ ਜਾਂਦਾ ਹੈ। ਉਸ ਨੇ ਚੀਨੀ ਦਰਾਮਦਾਂ ਉੱਤੇ 80 ਫ਼ੀਸਦੀ ਤਕ ਮਹਿਸੂਲ ਲਾਉਣ ਅਤੇ ਉਸ ਮੁਲਕ ਨੂੰ ਹਰ ਤਰ੍ਹਾਂ ਨਾਲ ਸਬਕ ਸਿਖਾਉਣ ਦੀ ਧਮਕੀ ਦਿਤੀ ਸੀ, ਪਰ ਕੁਝ ਦਿਨਾਂ ਬਾਅਦ ਇਹ ਦੇਖ ਕੇ ਅਪਣੀ ਸੁਰ ਬਦਲ ਲਈ ਸੀ ਕਿ ਚੀਨ ਨਾਲੋਂ ਨਾਤਾ ਨਹੀਂ ਤੋੜਿਆ ਜਾ ਸਕਦਾ ਅਤੇ ਇਸੇ ਕਾਰਨ ਅਮਰੀਕਾ 80 ਦੀ ਥਾਂ 35 ਫ਼ੀਸਦੀ ਮਹਿਸੂਲ ਵਸੂਲੇਗਾ| ਹੁਣ ਦੋਵਾਂ ਦੇਸ਼ਾਂ ਦਰਮਿਆਨ ਵਪਾਰ-ਸੰਧੀ ਸਿਰੇ ਚੜ੍ਹਨ ਵਾਲੀ ਹੈ ਤਾਂ ਟਰੰਪ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਮਹਾਨ ਨੀਤੀਵੇਤਾ’ ਦੱਸਣ ਲੱਗ ਪਿਆ ਹੈ| ਉਂਜ, ਭਾਰਤ ਪ੍ਰਤੀ ਉਸ ਦੇ ਗਿਲੇ-ਸ਼ਿਕਵੇ ਕੁਝ ਹੱਦ ਤਕ ਜਾਇਜ਼ ਵੀ ਹਨ| ਭਾਰਤ ਤੇ ਅਮਰੀਕਾ ਦਰਮਿਆਨ ਇਸ ਵੇਲੇ ਵਪਾਰਕ ਅਸੰਤੁਲਨ 45.7 ਅਰਬ ਡਾਲਰਾਂ ਦਾ ਹੈ |
ਵਿਤੀ ਸਾਲ 2023-24 ਦੌਰਾਨ ਭਾਰਤ ਨੇ ਅਮਰੀਕਾ ਨੂੰ 129.2 ਅਰਬ ਡਾਲਰਾਂ ਦਾ ਮਾਲ ਭੇਜਿਆ ਜਦੋਂਕਿ ਅਮਰੀਕਾ ਤੋਂ 41.8 ਅਰਬ ਡਾਲਰਾਂ ਦਾ ਮਾਲ ਭਾਰਤ ਆਇਆ| ਅਜਿਹੇ ਅੰਕੜਿਆਂ ਤੋਂ ਟਰੰਪ ਨੂੰ ਤਕਲੀਫ਼ ਹੋਣੀ ਸੁਭਾਵਿਕ ਹੀ ਹੈ| ਭਾਰਤ ਲਈ ਅਮਰੀਕਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ| ਅਜਿਹਾ ਹੋਣ ਕਾਰਨ ਉਸ ਤੋਂ ਤਵੱਕੋ ਕੀਤੀ ਜਾ ਰਹੀ ਹੈ ਕਿ ਉਹ ਆਪਸੀ ਅਸੰਤੁਲਨ ਘਟਾਉਣ ਵਿਚ ਅਮਰੀਕਾ ਦਾ ਮਦਦਗਾਰ ਹੋਵੇ| ਇਹ ਅਪਣੇ ਆਪ ਵਿਚ ਕੋਈ ਨਾਜਾਇਜ਼ ਮੰਗ ਨਹੀਂ|
ਟਰੰਪ ਹੁਣ ਤਕ 26 ਮੁਲਕਾਂ ਨਾਲ ਵਪਾਰਕ-ਸੌਦੇ ਸਿਰੇ ਚਾੜ੍ਹ ਚੁੱਕਾ ਹੈ| ਇਨ੍ਹਾਂ ਮੁਲਕਾਂ ਵਿਚ ਬ੍ਰਿਟੇਨ, ਫਰਾਂਸ, ਇਟਲੀ, ਸਪੇਨ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਆਦਿ ਸ਼ਾਮਲ ਹਨ| ਇਨ੍ਹਾਂ ਵਿਚੋਂ ਏਸ਼ਿਆਈ ਮੁਲਕਾਂ ਨਾਲ ਹੋਏ ਸੌਦਿਆਂ ਕਾਰਨ ਭਾਰਤੀ ਟੈਕਸਟਾਈਲ ਖੇਤਰ ਨੂੰ ਵੱਧ ਨੁਕਸਾਨ ਹੋਣ ਦੇ ਆਸਾਰ ਹਨ| ਭਾਰਤੀ ਕਪੜਿਆਂ, ਖ਼ਾਸ ਤੌਰ ’ਤੇ ਰੈਡੀਮੇਡ ਵਸਤਰਾਂ ਉੱਤੇ 25+5 ਫ਼ੀਸਦੀ ਮਹਿਸੂਲ ਲੱਗਣ ਕਾਰਨ ਭਾਰਤ, ਵੀਅਤਨਾਮ ਨੂੰ ਟੱਕਰ ਦੇਣ ਵਿਚ ਨਾਕਾਮ ਰਹੇਗਾ| ਇਸੇ ਤਰ੍ਹਾਂ ਭਾਰਤੀ ਸਮਾਰਟਫ਼ੋਨ ਸਨਅਤ ਨੂੰ ਵੀ ਸਿੱਧੀ ਸੱਟ ਵੱਜਣ ਦੀ ਸੰਭਾਵਨਾ ਹੈ| ਉਹ ਅਮਰੀਕਾ ਲਈ ਘੱਟੋ-ਘੱਟ 14 ਫ਼ੀਸਦੀ ਮਹਿੰਗੇ ਹੋ ਜਾਣਗੇ| ਭਾਰਤੀ ਬਰਾਮਦਾਂ ਵਿਚੋਂ ਸਭ ਤੋਂ ਵੱਧ ਮਾਲੀਅਤ, ਸਮਾਰਟ ਫ਼ੋਨਾਂ ਦੀ ਹੈ| ਇਹ ਉੱਥੇ ਮਹਿੰਗਾ ਹੋਣਾ, ਭਾਰਤ ਵਿਚ ਤੇਜ਼ੀ ਨਾਲ ਫਲ-ਫੁਲ ਰਹੀ ਸਮਾਰਟਫ਼ੋਨ ਨਿਰਮਾਣ ਸਨਅਤ ਦੇ ਅਰਥਚਾਰੇ ਨੂੰ ਖੋਰਾ ਲਾਉਣ ਵਾਲਾ ਕਦਮ ਸਾਬਤ ਹੋ ਸਕਦਾ ਹੈ|
ਬਹਰਹਾਲ, ਟਰੰਪ ਦੇ ਐਲਾਨ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਵਿਚ ਫ਼ੌਰੀ ਨਿਘਾਰ ਨਾ ਆਉਣਾ ਇਸ ਹਕੀਕਤ ਦਾ ਸੂਚਕ þ ਕਿ ਇਹ ਬਾਜ਼ਾਰ ਅਜਿਹੇ ਐਲਾਨ ਲਈ ਮਾਨਸਿਕ ਤੌਰ ’ਤੇ ਤਿਆਰ ਬੈਠਾ ਸੀ| ਉਸ ਵਿਚ ਸਹਿਮ ਨਾ ਫ਼ੈਲਣਾ ਇਕ ਚੰਗਾ ਸੰਕੇਤ þ| ਪਰ ਆਸ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ-ਅਮਰੀਕਾ ਵਪਾਰ ਸੌਦਾ ਹੁਣ ਹੋਰ ਨਹੀਂ ਲਟਕੇਗਾ| ਉਸ ਦੇ ਛੇਤੀ ਸਿਰੇ ਚੜ੍ਹਨ ਨਾਲ ਅਮਰੀਕਾ ਨੂੰ ਤਾਂ ਲਾਭ ਹੋਵੇਗਾ ਹੀ, ਭਾਰਤ ਲਈ ਵੀ ਗ਼ੈਰ-ਯਕੀਨੀ ਖ਼ਤਮ ਹੋ ਜਾਵੇਗੀ|