
ਸਿੱਖ ਫ਼ੌਜੀਆਂ ਦੇ ਬੁਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਗੇ ਉਥੇ ਸਿੱਖਾਂ ਦੇ ਆਸਟਰੇਲੀਆ ’ਚ ਇਤਿਹਾਸ ਦੀ ਤਸਵੀਰ ਨੂੰ ਵੀ ਕਰਨਗੇ ਪੇਸ਼।
ਮੈਲਬੌਰਨ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ (World War 2) ਦੌਰਾਨ ਸ਼ਹੀਦ ਹੋਏ ਬਹਾਦਰ ਸਿੱਖ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰ ਬਣਾਉਣ ਨੂੰ ਪ੍ਰਵਾਨਗੀ ਮਿਲ ਗਈ ਹੈ ਜਿਸ ਦੇ ਚਲਦਿਆਂ ਆਉਂਦੇ ਦਿਨਾਂ ਵਿਚ ਯਾਦਗਾਰ ਵਿਚ ਸਿੱਖ ਫ਼ੌਜੀਆਂ ਦੇ ਬੁਤ ਸਥਾਪਤ ਕੀਤੇ ਜਾਣਗੇ। ਇਹ ਯਾਦਗਾਰ ਸਿਡਨੀ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਬਲੈਕਟਾਊਨ ਕੌਂਸਲ ਦੇ ਇਲਾਕੇ ਗਲੈਨਵੁੱਡ ਵਿਖੇ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਭਰ ਵਿਚ ਸਿੱਖ ਫ਼ੌਜੀਆਂ (Sikh Soldiers) ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁਤ (Statues) ਹੋਵੇਗਾ।
Sikh Soldiers
ਇਸ ਯਾਦਗਾਰ ਨੂੰ ਬਣਵਾਉਣ ਲਈ ਫ਼ਤਿਹ ਫ਼ਾਉਂਡੇਸ਼ਨ ਨੂੰ ਕਾਫ਼ੀ ਲੰਮਾ ਸੰਘਰਸ਼ ਵੀ ਕਰਨਾ ਪਿਆ। ਫ਼ਤਿਹ ਫ਼ਾਊਂਡੇਸਨ ਦੇ ਅਮਰਿੰਦਰ ਸਿੰਘ ਬਾਜਵਾ, ਹਰਕੀਰਤ ਸਿੰਘ ਸੰਧਰ, ਦਵਿੰਦਰ ਸਿੰਘ ਧਾਰੀਆ,ਗੈਰੀ ਸਿੰਘ ਸਾਹਣੀ ਤੇ ਨਵਤੇਜ ਸਿੰਘ ਬਸਰਾ ਦੇ ਯਤਨਾਂ ਤੇ ਬਲੈਕਟਾਊਨ ਕੋਂਸਲ ਦੇ ਸਹਿਯੋਗ ਸਦਕਾ ਇਹ ਯਾਦਗਾਰ ਬਣਨੀ ਸੰਭਵ ਹੋ ਪਾਈ ਹੈ ਜਿਸ ਲਈ ਫ਼ਤਿਹ ਫ਼ਾਉਂਡੇਸ਼ਨ ਨੂੰ ਚਾਰ ਸਾਲ ਦੇ ਕਰੀਬ ਚਾਰਾਜੋਈ ਕਰਨੀ ਪਈ ਤੇ ਵੱਖ-ਵੱਖ ਪੱਖਾਂ ’ਤੇ ਇਤਿਹਾਸਕ ਤੱਥ ਪੇਸ਼ ਕਰਨੇ ਪਏ ਤਾਂ ਕਿਤੇ ਜਾ ਕੇ ਇਹ ਯਾਦਗਾਰ ਬਣਨੀ ਸੰਭਵ ਹੋ ਸਕੀ।
Sikh Soldiers
ਫ਼ਾਊਂਡੇਸ਼ਨ ਨੇ ਕਿਹਾ ਕਿ ਇਹ ਯਾਦਗਾਰੀ ਬੁਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਗੇ ਉਥੇ ਸਿੱਖਾਂ ਦੇ ਆਸਟਰੇਲੀਆ ਵਿਚ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ। ਫ਼ਤਿਹ ਫ਼ਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧਨਵਾਦ ਕੀਤਾ ਅਤੇ ਦਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾ ਸਾਡੇ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।