
ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ, ਸਿੰਧ ਵਿਖੇ ਪਿਛਲੇ 24 ਘੰਟਿਆਂ ਵਿੱਚ ਦਸਤ ਦੇ 90,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਸਲਾਮਾਬਾਦ: ਪਾਕਿਸਤਾਨ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ। ਪ੍ਰਸ਼ਾਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਾਏ ਗਏ ਰਾਹਤ ਕੈਂਪਾਂ ਵਿੱਚ ਲੋਕ ਦਸਤ, ਚਮੜੀ ਨਾਲ ਸੰਬੰਧਿਤ ਬਿਮਾਰੀਆਂ ਅਤੇ ਅੱਖਾਂ ਦੀ ਲਾਗ ਤੋਂ ਪ੍ਰਭਾਵਿਤ ਹੋ ਰਹੇ ਹਨ। ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ, ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ, ਸਿੰਧ ਵਿਖੇ ਪਿਛਲੇ 24 ਘੰਟਿਆਂ ਵਿੱਚ ਦਸਤ ਦੇ 90,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਜੂਨ ਤੋਂ ਬਾਅਦ ਅਚਾਨਕ ਆਏ ਹੜ੍ਹਾਂ ਕਾਰਨ ਹੁਣ ਤੱਕ 1191 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਕਰੀਬ 10 ਲੱਖ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੜ੍ਹ ਦਾ ਪਾਣੀ ਘੱਟ ਰਿਹਾ ਹੈ, ਪਰ ਸਿੰਧ ਸੂਬੇ ਦੇ ਦੱਖਣੀ ਹਿੱਸੇ ਦੇ ਕਈ ਜ਼ਿਲ੍ਹਿਆਂ ਵਿੱਚ ਅਜੇ ਤੱਕ ਪਾਣੀ ਘਟਿਆ ਨਹੀਂ। ਹੜ੍ਹਾਂ ਕਾਰਨ ਬੇਘਰ ਹੋਏ ਕਰੀਬ ਪੰਜ ਲੱਖ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਸਿੰਧ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਹਨਾਂ ਲੋਕਾਂ ਦੇ ਇਲਾਜ ਲਈ ਹਜ਼ਾਰਾਂ ਮੈਡੀਕਲ ਕੈਂਪ ਲਗਾਏ ਗਏ ਹਨ, ਅਤੇ ਨਾਲ ਮੋਬਾਈਲ ਮੈਡੀਕਲ ਯੂਨਿਟ ਵੀ ਤਾਇਨਾਤ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਉਹ ਦਸਤ, ਹੈਜ਼ਾ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਲਈ ਨਿਗਰਾਨੀ ਵਧਾ ਰਿਹਾ ਹੈ ਅਤੇ ਸਿਹਤ ਕੇਂਦਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਜ਼ਿਆਦਾਤਰ ਮਰੀਜ਼ ਭਾਰੀ ਹੜ੍ਹਾਂ ਕਾਰਨ ਸਦਮੇ ਵਿਚ ਸਨ। ਪਰ, ਹੁਣ ਹਜ਼ਾਰਾਂ ਲੋਕ ਦਸਤ, ਚਮੜੀ ਦੀ ਲਾਗ ਅਤੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੀਆਂ ਕਈ ਗਰਭਵਤੀ ਔਰਤਾਂ ਨੂੰ ਵੀ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਫੌਜ ਦੇ ਸਹਿਯੋਗ ਨਾਲ ਬਚਾਅ ਦਲਾਂ ਵੱਲੋਂ ਹੜ੍ਹਾਂ 'ਚ ਫ਼ਸੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਹੈ। ਬਚਾਅ ਟੀਮਾਂ ਕਿਸ਼ਤੀਆਂ ਦੀ ਵਰਤੋਂ ਕਰ ਰਹੀਆਂ ਹਨ, ਪਰ ਜਿੱਥੇ ਪੁਲ ਅਤੇ ਸੜਕਾਂ ਤਬਾਹ ਹੋ ਗਈਆਂ ਹਨ, ਉੱਥੇ ਫ਼ਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਹੁਣ ਤੱਕ ਤੁਰਕੀ, ਚੀਨ, ਕਤਰ ਅਤੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਭੇਜੀ ਹੈ। ਸ਼ੁਰੂਆਤੀ ਅਧਿਕਾਰਤ ਅਨੁਮਾਨਾਂ ਅਨੁਸਾਰ, ਹੜ੍ਹ ਨੇ 10 ਬਿਲੀਅਨ ਡਾਲਰ ਦਾ ਨੁਕਸਾਨ ਕੀਤਾ ਹੈ।