
ਇਹ ਹਾਦਸਾ ਡੋਮੀਨੀਕਨ ਗਣਰਾਜ ਦੀ ਰਾਜਧਾਨੀ ਸੈਂਟੋ ਡੋਮਿੰਗੋ 'ਚ ਐਤਵਾਰ ਨੂੰ ਵਾਪਰਿਆ
Dominican Republic Road Accident : ਕੈਰੇਬੀਆਈ ਦੇਸ਼ ਡੋਮੀਨੀਕਲ ਗਣਰਾਜ ’ਚ ਇਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬਾਰ 'ਚ ਵੜ ਗਿਆ , ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ। ਟਰੱਕ ਨੇ ਬਾਰ 'ਚ ਮੌਜੂਦ 11 ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਹਾਦਸਾ ਡੋਮੀਨੀਕਨ ਗਣਰਾਜ ਦੀ ਰਾਜਧਾਨੀ ਸੈਂਟੋ ਡੋਮਿੰਗੋ 'ਚ ਐਤਵਾਰ ਨੂੰ ਵਾਪਰਿਆ ਹੈ। ਸੜਕ 'ਤੇ ਇਕ ਟਰੱਕ ਜਾ ਰਿਹਾ ਸੀ। ਇਸ ਦੌਰਾਨ ਟਰੱਕ ਸੜਕ ਕਿਨਾਰੇ ਸਥਿਤ ਬਾਰ ਵਿੱਚ ਵੜ ਗਿਆ, ਜਿਸ ਕਾਰਨ ਲੋਕਾਂ ਵਿੱਚ ਅਫੜਾ ਦਫੜੀ ਮਚ ਗਈ। ਟਰੱਕ ਨੇ 11 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਤੋਂ ਬਾਅਦ ਬਾਰ 'ਚ ਹਰ ਪਾਸੇ ਖੂਨ ਹੀ ਖੂਨ ਹੀ ਨਜ਼ਰ ਆ ਰਿਹਾ ਸੀ। ਜ਼ਖਮੀ ਲੋਕ ਜ਼ਮੀਨ 'ਤੇ ਤੜਪ ਰਹੇ ਸਨ ਅਤੇ ਉਨ੍ਹਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ।
ਇਸ ਹਾਦਸੇ ਦੀ ਸੂਚਨਾ ਕਿਸੇ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਪਹਿਲਾਂ ਟਰੱਕ ਨੂੰ ਬਾਹਰ ਕੱਢਿਆ ਅਤੇ ਫਿਰ 11 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਹਾਦਸੇ 'ਚ 30 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ
ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਹਾਦਸੇ ਦਾ ਕਾਰਨ ਕੀ ਹੈ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।