ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ 90 ਫੀ ਸਦੀ ਪਾਕਿਸਤਾਨ ਦੇ : ਪਾਕਿ ਸੀਨੇਟ ਕਮੇਟੀ ਦੀ ਰੀਪੋਰਟ
ਇਸਲਾਮਾਬਾਦ: ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਦੋ ਦਿਨ ਪਹਿਲਾਂ ਮੁਲਤਾਨ ਹਵਾਈ ਅੱਡੇ ’ਤੇ ਸਾਊਦੀ ਅਰਬ ਜਾਣ ਵਾਲੀ ਫਲਾਈਟ ਤੋਂ ਉਮਰਾਹ ਤੀਰਥ ਯਾਤਰੀਆਂ ਦੇ ਭੇਸ ’ਚ 16 ਕਥਿਤ ਭਿਖਾਰੀਆਂ ਨੂੰ ਉਤਾਰ ਦਿਤਾ। ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਐਫ.ਆਈ.ਏ. ਅਨੁਸਾਰ, ਸਮੂਹ ’ਚ ਇਕ ਬੱਚਾ, 11 ਔਰਤਾਂ ਅਤੇ ਚਾਰ ਮਰਦਾਂ ਸਮੇਤ 16 ਲੋਕ ਸ਼ਾਮਲ ਸਨ, ਜੋ ਸ਼ੁਰੂਆਤ ’ਚ ਉਮਰਾਹ ਵੀਜ਼ੇ ’ਤੇ ਯਾਤਰਾ ਕਰ ਰਹੇ ਸਨ। ‘ਡਾਅਨ’ ਦੀ ਰੀਪੋਰਟ ਮੁਤਾਬਕ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਐਫ.ਆਈ.ਏ. ਅਧਿਕਾਰੀਆਂ ਨੇ ਮੁਸਾਫ਼ਰਾਂ ਤੋਂ ਪੁੱਛ-ਪੜਤਾਲ ਕੀਤੀ ਜਿਨ੍ਹਾਂ ਨੇ ਕਬੂਲ ਕੀਤਾ ਕਿ ਉਹ ਭੀਖ ਮੰਗਣ ਲਈ ਸਾਊਦੀ ਅਰਬ ਜਾ ਰਹੇ ਸਨ।
ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਨੂੰ ਭੀਖ ਮੰਗਣ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਅਪਣੇ ਯਾਤਰਾ ਪ੍ਰਬੰਧਾਂ ’ਚ ਸ਼ਾਮਲ ਏਜੰਟਾਂ ਨੂੰ ਦੇਣਾ ਪੈਂਦਾ ਸੀ। ਉਮਰਾਹ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਪਰਤਣਾ ਸੀ। ਰੀਪੋਰਟ ਅਨੁਸਾਰ ਐਫ.ਆਈ.ਏ. ਮੁਲਤਾਨ ਸਰਕਲ ਨੇ ਹੋਰ ਪੁੱਛ-ਪੜਤਾਲ ਅਤੇ ਕਾਨੂੰਨੀ ਕਾਰਵਾਈ ਲਈ ਮੁਸਾਫ਼ਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਗ੍ਰਿਫਤਾਰੀ ਓਵਰਸੀਜ਼ ਪਾਕਿਸਤਾਨੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਸੀਨੇਟ ਕਮੇਟੀ ਆਨ ਓਵਰਸੀਜ਼ ਪਾਕਿਸਤਾਨੀਜ਼ ਦੇ ਸਾਹਮਣੇ ਇਹ ਪ੍ਰਗਟਾਵਾ ਕਰਨ ਤੋਂ ਇਕ ਦਿਨ ਬਾਅਦ ਹੋਈ ਹੈ ਕਿ ਵੱਡੀ ਗਿਣਤੀ ’ਚ ਭਿਖਾਰੀਆਂ ਦੀ ਤਸਕਰੀ ਕੀਤੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਜ਼ਰੀਆਂ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਹੈ।
ਮੰਤਰਾਲੇ ਦੇ ਸਕੱਤਰ ਨੇ ਸੈਨੇਟ ਪੈਨਲ ਨੂੰ ਦਸਿਆ ਕਿ ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ 90 ਫੀ ਸਦੀ ਪਾਕਿਸਤਾਨ ਦੇ ਹਨ। ਉਨ੍ਹਾਂ ਕਿਹਾ ਸੀ, ‘‘ਇਰਾਕੀ ਅਤੇ ਸਾਊਦੀ ਦੋਹਾਂ ਸਫ਼ੀਰਾਂ ਨੇ ਇਨ੍ਹਾਂ ਗ੍ਰਿਫਤਾਰੀਆਂ ਕਾਰਨ ਜੇਲ੍ਹਾਂ ’ਚ ਬਹੁਤ ਜ਼ਿਆਦਾ ਭੀੜ ਦੀ ਸੂਚਨਾ ਦਿਤੀ ਹੈ।’’