
ਅਫ਼ਗਾਨਿਸਤਾਨ ਵਿੱਚ 2002 ਦੇ ਮੁਕਾਬਲੇ ਹੁਣ ਚਾਰ ਗੁਣਾ ਵੱਧ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈ
ਦੁਨੀਆ ਵਿੱਚ ਸਭ ਤੋਂ ਵੱਧ ਹੈਰੋਇਨ ਅਫ਼ਗਾਨਿਸਤਾਨ ਵਿੱਚ ਪੈਦਾ ਹੁੰਦੀ ਹੈ। ਇੰਨਾ ਹੀ ਨਹੀਂ, ਦੁਨੀਆ 'ਚ ਅਫ਼ੀਮ ਦਾ ਸਭ ਤੋਂ ਜ਼ਿਆਦਾ ਉਤਪਾਦਨ ਵੀ ਅਫ਼ਗਾਨਿਸਤਾਨ 'ਚ ਹੁੰਦਾ ਹੈ। ਪਿਛਲੇ 20 ਸਾਲਾਂ ਵਿੱਚ ਅਫ਼ਗਾਨਿਸਤਾਨ ਸਰਕਾਰ ਨੇ ਅਫ਼ੀਮ ਦੀ ਪੈਦਾਵਾਰ ਨੂੰ ਰੋਕਣ ਲਈ ਕਈ ਯਤਨ ਕੀਤੇ ਹਨ ਪਰ ਉਹ ਸਾਰੇ ਨਾਕਾਮ ਸਾਬਤ ਹੋਏ ਹਨ। ਕਈ ਰਿਪੋਰਟਾਂ ਦੱਸਦੀਆਂ ਹਨ ਕਿ ਅਫ਼ਗਾਨਿਸਤਾਨ ਵਿੱਚ 2002 ਦੇ ਮੁਕਾਬਲੇ ਹੁਣ ਚਾਰ ਗੁਣਾ ਵੱਧ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈ।
ਇਸ ਦੌਰਾਨ ਅਫ਼ਗਾਨਿਸਤਾਨ ਵਿੱਚ ਅਫ਼ੀਮ ਦੀ ਖੇਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਆਫ਼ਿਸ ਆਨ ਡਰੱਗਸ ਐਂਡ ਕ੍ਰਾਈਮ (ਯੂ.ਐਨ.ਓ.ਡੀ.ਸੀ.) ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਵਲੋਂ ਅਫ਼ੀਮ ਦੀ ਖੇਤੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਵੀ ਅਫ਼ਗਾਨਿਸਤਾਨ ਵਿਚ ਅਫ਼ੀਮ ਦੀ ਖੇਤੀ 2022 ਵਿਚ 32 ਫ਼ੀਸਦੀ ਵਧੀ ਹੈ।
ਜ਼ਿਕਰਯੋਗ ਹੈ ਕਿ 'ਅਫ਼ਗਾਨਿਸਤਾਨ ਵਿੱਚ ਅਫੀਮ ਦੀ ਖੇਤੀ - ਤਾਜ਼ਾ ਖੋਜਾਂ ਅਤੇ ਉੱਭਰਦੇ ਖਤਰੇ' ਅਗਸਤ 2021 ਵਿੱਚ ਤਾਲਿਬਾਨ ਸ਼ਾਸਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਗੈਰ-ਕਾਨੂੰਨੀ ਅਫ਼ੀਮ ਦੀ ਆਰਥਿਕਤਾ ਬਾਰੇ ਪਹਿਲੀ ਰਿਪੋਰਟ ਹੈ। ਇਹ ਵੀ ਦੱਸ ਦਈਏ ਕਿ ਅਪ੍ਰੈਲ 2022 ਵਿੱਚ ਅਗਸਤ 2021 ਵਿੱਚ ਸੱਤਾ ਸੰਭਾਲਣ ਤੋਂ ਬਾਅਦ, ਤਾਲਿਬਾਨ ਨੇ ਅਫ਼ੀਮ ਭੁੱਕੀ ਅਤੇ ਸਾਰੇ ਨਸ਼ੀਲੇ ਪਦਾਰਥਾਂ ਦੀ ਖੇਤੀ 'ਤੇ ਪਾਬੰਦੀ ਲਗਾ ਦਿੱਤੀ ਸੀ।
ਯੂ.ਐਨ.ਓ.ਡੀ.ਸੀ. ਦੀ ਰਿਪੋਰਟ ਮੁਤਾਬਿਕ ਅਫ਼ਗਾਨਿਸਤਾਨ ਵਿੱਚ ਅਫ਼ੀਮ ਦੀ ਖੇਤੀ ਪਿਛਲੇ ਸਾਲ ਦੇ ਮੁਕਾਬਲੇ 32 ਫ਼ੀਸਦੀ ਵਧ ਕੇ 233,000 ਹੈਕਟੇਅਰ ਹੋ ਗਈ ਹੈ। ਜਿਸ ਕਾਰਨ ਅਫ਼ਗਾਨਿਸਤਾਨ 2022 ਦੀ ਫ਼ਸਲ ਦੀ ਨਿਗਰਾਨੀ ਸ਼ੁਰੂ ਹੋਣ ਤੋਂ ਬਾਅਦ ਅਫ਼ੀਮ ਦੀ ਖੇਤੀ ਦੇ ਲਿਹਾਜ਼ ਨਾਲ ਤੀਜਾ ਸਭ ਤੋਂ ਵੱਡਾ ਖੇਤਰ ਬਣ ਗਿਆ ਹੈ।
ਇਸ ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਾਲ ਅਫ਼ੀਮ ਦੀ ਖੇਤੀ ਦੇਸ਼ ਦੇ ਦੱਖਣ-ਪੱਛਮੀ ਹਿੱਸਿਆਂ ਵਿੱਚ ਕੇਂਦਰਿਤ ਸੀ। ਇੱਥੇ ਦੇਸ਼ ਦੇ ਕੁੱਲ ਰਕਬੇ ਦਾ 73 ਫ਼ੀਸਦੀ ਅਫ਼ੀਮ ਦੀ ਖੇਤੀ ਹੇਠ ਸੀ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਹਿਲਾਮੰਡ ਸੂਬੇ ਵਿਚ ਕਾਸ਼ਤਯੋਗ ਜ਼ਮੀਨ ਦੇ ਪੰਜਵੇਂ ਹਿੱਸੇ 'ਤੇ ਅਫ਼ੀਮ ਭੁੱਕੀ ਦੀ ਖੇਤੀ ਕੀਤੀ ਜਾਂਦੀ ਸੀ।
ਇਸ ਸਰਵੇਖਣ ਦੌਰਾਨ ਬੋਲਦਿਆਂ ਯੂ.ਐਨ.ਓ.ਡੀ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਘਦਾ ਵੈਲੀ ਨੇ ਕਿਹਾ ਕਿ ਅਫ਼ਗਾਨ ਕਿਸਾਨ ਗੈਰ-ਕਾਨੂੰਨੀ ਅਫ਼ੀਮ ਦੀ ਆਰਥਿਕਤਾ ਵਿੱਚ ਫ਼ਸੇ ਹੋਏ ਹਨ। ਕਿਉਂਕਿ ਇਕ ਪਾਸੇ ਤਾਲਿਬਾਨ ਸਰਕਾਰ ਨੇ ਇਸ ਦੀ ਖੇਤੀ 'ਤੇ ਪਾਬੰਦੀ ਲਗਾਈ ਹੋਈ ਹੈ, ਉਥੇ ਹੀ ਅਫ਼ਗਾਨਿਸਤਾਨ ਦੇ ਆਲੇ-ਦੁਆਲੇ ਅਫ਼ੀਮ ਫ਼ੜਨ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਤੋਂ ਅਫ਼ੀਮ ਦੀ ਤਸਕਰੀ ਬੇਰੋਕ ਜਾਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੇ ਲੋਕਾਂ ਦੀਆਂ ਫ਼ੌਰੀ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਉਹ ਅਫ਼ੀਮ ਦੀ ਖੇਤੀ 'ਤੇ ਨਿਰਭਰਤਾ ਘਟਾ ਸਕਣ। ਇਸ ਦੇ ਨਾਲ ਹੀ, ਹੈਰੋਇਨ ਦੀ ਤਸਕਰੀ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਪਰਾਧਿਕ ਸਮੂਹਾਂ ਨੂੰ ਰੋਕਣ ਲਈ ਪ੍ਰਕਿਰਿਆ ਵੀ ਦੁਨੀਆ ਭਰ ਦੇ ਦੇਸ਼ਾਂ ਵਿੱਚ ਤੇਜ਼ ਕੀਤੀ ਜਾਣੀ ਚਾਹੀਦੀ ਹੈ।