
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਤੋਂ ਬਾਅਦ ਇੱਥੇ ਮੌਜੂਦ ਹਿੰਦੂ ਮੰਦਰਾਂ ਨੂੰ ਭਾਰਤੀਆਂ ਲਈ ਖੋਲ੍ਹਣ ਦਾ ਮਨ ਬਣਾਇਆ ਹੈ....
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਤੋਂ ਬਾਅਦ ਇੱਥੇ ਮੌਜੂਦ ਹਿੰਦੂ ਮੰਦਰਾਂ ਨੂੰ ਭਾਰਤੀਆਂ ਲਈ ਖੋਲ੍ਹਣ ਦਾ ਮਨ ਬਣਾਇਆ ਹੈ। ਇਮਰਾਨ ਨੇ ਇਸ ਗੱਲ ਦਾ ਇਸ਼ਾਰਾ ਉਸ ਸਮੇਂ ਕੀਤਾ ਜਦੋਂ ਉਹ ਵੀਰਵਾਰ ਨੂੰ ਅਪਣੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਕੁਝ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਮਰਾਨ ਨੇ ਕਿਹਾ ਹੈ ਕਿ ਉਹ ਕੁਝ ਹੋਰ ਪ੍ਰਸਤਾਵਾਂ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਇਸ ਤੋਂ ਪਹਿਲਾਂ ਇਮਰਾਨ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਤਿਆਰ ਹਨ।
ਇਮਰਾਨ ਮੁਤਾਬਕ ਹੁਣ ਲੋਕਾਂ ਦੀ ਸੋਚ ਵਿਚ ਤਬਦੀਲੀ ਆਈ ਹੈ ਅਤੇ ਪਾਕਿਸਤਾਨ ਦੀ ਜਨਤਾ ਭਾਰਤ ਨਾਲ ਬਿਹਤਰ ਰਿਸ਼ਤੇ ਅਤੇ ਸ਼ਾਂਤੀ ਚਾਹੁੰਦੀ ਹੈ।
ਇਮਰਾਨ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ ਦੂਜੇ ਪ੍ਰਸਤਾਵ 'ਤੇ ਵੀ ਵਿਚਾਰ ਕਰ ਸਕਦੇ ਹਾਂ। ਜਿਵੇਂ ਕਸ਼ਮੀਰ ਵਿਚ ਸ਼ਾਰਦਾ ਪੀਠ, ਕਟਾਸਰਾਜ ਮੰਦਰ ਅਤੇ ਪਾਕਿਸਤਾਨ ਵਿਚ ਕੁਝ ਹੋਰ ਹਿੰਦੂ ਮੰਦਰਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸ਼ਾਰਦਾ ਪੀਠ ਜਿੱਥੇ ਨੀਲਮ ਨਦੀ ਦੇ ਕਿਨਾਰੇ ਸਥਿਤ ਹੈ ਅਤੇ ਕਸ਼ਮੀਰੀ ਪੰਡਤਾਂ ਲਈ ਇਕ ਖਾਸ ਮੰਦਰ ਹੈ ਤਾਂ ਉੱਥੇ ਕਟਾਸਰਾਜ ਇਕ ਪ੍ਰਾਚੀਨ ਮੰਦਰ ਹੈ।
ਕਟਾਸਰਾਜ ਮੰਦਰ ਪਾਕਿਸਤਾਨ ਦੇ ਪੰਜਾਬ ਵਿਚ ਸਥਿਤ ਹੈ ਅਤੇ ਇਸ ਦੇ ਆਲੇ-ਦੁਆਲੇ ਕੁਝ ਹੋਰ ਮੰਦਰ ਵੀ ਮੌਜੂਦ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਮਰਾਨ ਖਾਨ ਦੇ ਇਸ ਬਿਆਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਮਰਾਨ ਦੇ ਇਸ ਪੇਸ਼ਕਸ਼ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਮਹਿਬੂਬਾ ਨੇ ਇਸ ਸਬੰਧੀ ਇਕ ਟਵੀਟ ਜ਼ਰੀਏ ਕਿਹਾ ਕਿ ਇਨ੍ਹਾਂ ਰਸਤਿਆਂ ਜ਼ਰੀਏ ਸ਼ਾਂਤੀ ਦੀ ਇਕ ਮਹਾਨ ਪਹਿਲ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼ਾਰਦਾ ਪੀਠ ਅਤੇ ਕਟਾਸਰਾਜ ਮੰਦਰ ਦੇ ਇਲਾਵਾ ਕੁਝ ਹੋਰ ਮੰਦਰਾਂ ਨੂੰ ਖੋਲ੍ਹੇ ਜਾਣ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।