
ਭਾਰਤ ਸਰਕਾਰ ਪਹਿਲਾਂ ਵੀ ਵੀਜ਼ਾ ਜਾਰੀ ਕਰਨ ਤੋਂ ਕਰ ਚੁਕੀ ਹੈ ਇਨਕਾਰ : ਅਖ਼ਤਰ ਭੱਟੀ
ਅੰਮ੍ਰਿਤਸਰ (ਚਰਨਜੀਤ ਸਿੰਘ) : ਭਾਰਤ ਦੇ ਇਸਲਾਮਾਬਾਦ ਸਥਿਤ ਦੂਤਾਵਾਸ ਨੇ ਰਾਏ ਸਲੀਮ ਅਖ਼ਤਰ ਭੱਟੀ ਨੂੰ ਇਕ ਵਾਰ ਫਿਰ ਤੋਂ ਵੀਜ਼ਾ ਜਾਰੀ ਕਰਨ ਤੋ ਇਨਕਾਰ ਕਰ ਦਿਤਾ ਹੈ। ਬਾਬੇ ਨਾਨਕ ਦੇ ਪਹਿਲੇ ਸਿੱਖ ਭਾਈ ਰਾਏ ਬੁਲਾਰ ਦੇ ਵੰਸ਼ਜ ਰਾਏ ਸਲੀਮ ਅਖਤਰ ਭੱਟੀ ਨੇ ਭਾਰਤ ਆਉਣਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਏ ਸਲੀਮ ਅਖ਼ਤਰ ਭੱਟੀ ਨੇ ਦਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਚਿਰੋਕਣੀ ਇਛਾ ਰਖਦੇ ਹਨ।
DARBAR SAHIB
ਉਨ੍ਹਾਂ ਦੀ ਇਸ ਯਾਤਰਾ ਵਿਚ ਭਾਈ ਰਾਏ ਬੁਲਾਰ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਵੀ ਲਗਵਾਉਣਾ ਸੀ। ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਉਹ ਨਨਕਾਣਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ, ਮੁੱਖ ਸਕਤਰ ਡਾ. ਰੂਪ ਸਿੰਘ ਤੋ ਇਲਾਵਾ ਬੀਤੇ ਦਿਨੀ ਪਰਮਜੀਤ ਸਿੰਘ ਸਰਨਾ ਨਾਲ ਆਏ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੂੰ ਮਿਲ ਕੇ ਭਾਰਤ ਆਉਣ ਲਈ ਵੀਜ਼ਾ ਜਾਰੀ ਕਰਵਾਉਣ ਵਿਚ ਮਦਦ ਕਰਨ ਦੀ ਬੇਨਤੀ ਕਰ ਚੁੱਕੇ ਹਨ।
Giani Harpreet Singh
ਪਰ ਬਿਨਾਂ ਕਿਸੇ ਕਾਰਨ ਤੋਂ ਭਾਰਤ ਸਰਕਾਰ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਕ ਵਾਰ ਵੀਜ਼ਾ ਦੇਣ ਤੋਂ ਭਾਰਤ ਦੇ ਇਸਲਾਮਾਬਾਦ ਵਿਖੇ ਸਥਿਤ ਦੂਤਾਵਾਸ ਨੇ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਉਹ ਪੇਸ਼ੇ ਤੋਂ ਵਕੀਲ ਹਨ ਤੇ ਇਕ ਜ਼ਿੰਮੇਵਾਰ ਨਾਗਰਿਕ ਹਨ। ਉਨ੍ਹਾਂ ਦੀ ਇਛਾ ਹੈ ਕਿ ਇਕ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਅਪਣੇ ਬਜੁਰਗਾਂ ਦੀ ਤਸਵੀਰ ਸਿੱਖਾਂ ਦੇ ਸੱਭ ਤੋਂ ਵੱਡੇ ਅਜਾਇਬ ਘਰ ਵਿਚ ਲਗਵਾਉਣਾ ਹੈ। ਇਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿਤੀ ਜਾਵੇ।
Rai Saleem Bhatti with his son Rai Waleed Bhatti
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।