ਕੋਲਕਾਤਾ ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਇਹ ਸਫ਼ਰ ਦੀ ਦੂਰੀ ਨੂੰ ਅੱਧਾ ਕਰ ਦਿੰਦੀ ਹੈ
ਅਗਰਤਲਾ : ਤ੍ਰਿਪੁਰਾ ਦੇ ਟਰਾਂਸਪੋਰਟ ਮੰਤਰੀ ਸੁਸ਼ਾਂਤ ਚੌਧਰੀ ਨੇ ਦੋਸ਼ ਲਾਇਆ ਹੈ ਕਿ ਅਗਰਤਲਾ ਤੋਂ ਕੋਲਕਾਤਾ ਜਾ ਰਹੀ ਬੱਸ ’ਤੇ ਬੰਗਲਾਦੇਸ਼ ’ਚ ਹਮਲਾ ਕੀਤਾ ਗਿਆ। ਇਹ ਘਟਨਾ ਬੰਗਲਾਦੇਸ਼ ਦੇ ਬ੍ਰਾਹਮਣਬਾਰੀਆ ਜ਼ਿਲ੍ਹੇ ਦੇ ਬਿਸਵਾ ਰੋਡ ’ਤੇ ਵਾਪਰੀ।
ਚੌਧਰੀ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ਫੇਸਬੁੱਕ ’ਤੇ ਬੱਸ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਤ੍ਰਿਪੁਰਾ ਤੋਂ ਕੋਲਕਾਤਾ ਜਾ ਰਹੀ ‘ਸ਼ਿਆਮੋਲੀ ਟਰਾਂਸਪੋਰਟ’ ਬੱਸ ’ਤੇ ਬੰਗਲਾਦੇਸ਼ ਦੇ ਬ੍ਰਾਹਮਣਬਾਰੀਆ ’ਚ ਵਿਸ਼ਵ ਰੋਡ ’ਤੇ ਹਮਲਾ ਕੀਤਾ ਗਿਆ। ਇਸ ਘਟਨਾ ਨੇ ਬੱਸ ਵਿਚ ਸਵਾਰ ਭਾਰਤੀ ਮੁਸਾਫ਼ਰਾਂ ਨੂੰ ਹੈਰਾਨ ਕਰ ਦਿਤਾ। ਬੱਸ ਅਪਣੀ ਲੇਨ ਵਿਚ ਜਾ ਰਹੀ ਸੀ ਜਦੋਂ ਇਕ ਟਰੱਕ ਨੇ ਜਾਣਬੁਝ ਕੇ ਇਸ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਇਕ ਆਟੋ ਰਿਕਸ਼ਾ ਬੱਸ ਦੇ ਸਾਹਮਣੇ ਆ ਗਿਆ ਅਤੇ ਬੱਸ ਅਤੇ ਦੋਹਾਂ ਦੀ ਟੱਕਰ ਹੋ ਗਈ।’’
ਉਨ੍ਹਾਂ ਕਿਹਾ, ‘‘ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਬੱਸ ’ਚ ਸਵਾਰ ਭਾਰਤੀ ਮੁਸਾਫ਼ਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਅਤੇ ਭਾਰਤੀ ਮੁਸਾਫ਼ਰਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਗੁਆਂਢੀ ਦੇਸ਼ ਦੇ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਰਤੀ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।’’
ਕੋਲਕਾਤਾ ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਇਹ ਸਫ਼ਰ ਦੀ ਦੂਰੀ ਨੂੰ ਅੱਧਾ ਕਰ ਦਿੰਦੀ ਹੈ। ਇਹ ਹਵਾਈ ਸਫ਼ਰ ਨਾਲੋਂ ਸਸਤਾ ਹੈ ਅਤੇ ਅਸਾਮ ਰਾਹੀਂ ਰੇਲ ਰਾਹੀਂ ਸਫ਼ਰ ਕਰਨ ਦੇ ਮੁਕਾਬਲੇ ਘੱਟ ਸਮਾਂ ਲੈਂਦਾ ਹੈ। ਰੇਲ ਸਫ਼ਰ ਨਾਲ ਆਮ ਤੌਰ ’ਤੇ 30 ਘੰਟਿਆਂ ਤੋਂ ਵੱਧ ਸਮਾਂ ਲਗਦਾ ਹੈ। ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਬੱਸ ’ਤੇ ਹਮਲੇ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਹ ਹੋਰ ਵੇਰਵਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਗੁਆਂਢੀ ਦੇਸ਼ ’ਚ ਘੱਟ ਗਿਣਤੀ ਹਿੰਦੂਆਂ ’ਤੇ ਹਮਲਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਸਾਹਾ ਨੇ ਕਿਹਾ ਕਿ ਪੂਰੀ ਦੁਨੀਆਂ ਵੇਖ ਰਹੀ ਹੈ ਕਿ ਬੰਗਲਾਦੇਸ਼ ’ਚ ਹਿੰਦੂਆਂ ’ਤੇ ਕਿਵੇਂ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ ਸਾਡਾ ਸੂਬਾ ਤਿੰਨ ਪਾਸਿਆਂ ਤੋਂ ਬੰਗਲਾਦੇਸ਼ ਨਾਲ ਘਿਰਿਆ ਹੋਇਆ ਹੈ, ਇਸ ਲਈ ਮੈਂ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੁਲਿਸ ਨੂੰ ਕੌਮਾਂਤਰੀ ਸਰਹੱਦ ’ਤੇ ਸਖਤ ਨਿਗਰਾਨੀ ਰੱਖਣ ਲਈ ਕਿਹਾ ਹੈ।’’
ਬੰਗਲਾਦੇਸ਼ੀ ਅਧਿਕਾਰੀਆਂ ਨੇ ਇਸਕਾਨ ਦੇ ਦਰਜਨਾਂ ਮੈਂਬਰਾਂ ਨੂੰ ਭਾਰਤ ’ਚ ਦਾਖਲ ਹੋਣ ਤੋਂ ਰੋਕਿਆ: ਮੀਡੀਆ ਰੀਪੋਰਟ
ਢਾਕਾ : ਬੰਗਲਾਦੇਸ਼ ਦੀ ਇਮੀਗ੍ਰੇਸ਼ਨ ਪੁਲਿਸ ਨੇ ਕੌਮਾਂਤਰੀ ਕ੍ਰਿਸ਼ਨਾ ਚੇਤਨਾ ਐਸੋਸੀਏਸ਼ਨ (ਇਸਕਾਨ) ਦੇ ਦਰਜਨਾਂ ਮੈਂਬਰਾਂ ਨੂੰ ਜਾਇਜ਼ ਯਾਤਰਾ ਦਸਤਾਵੇਜ਼ਾਂ ਨਾਲ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਐਤਵਾਰ ਨੂੰ ਬੇਨਾਪੋਲ ਸਰਹੱਦ ’ਤੇ ਵਾਪਸ ਭੇਜ ਦਿਤਾ। ਇਕ ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ।
ਡੇਲੀ ਸਟਾਰ ਅਖਬਾਰ ਨੇ ਬੇਨਾਪੋਲ ਇਮੀਗ੍ਰੇਸ਼ਨ ਪੁਲਿਸ ਦੇ ਇੰਚਾਰਜ ਇਮਤਿਆਜ਼ ਅਹਿਸਾਨੁਲ ਕਾਦਿਰ ਭੁਈਆਂ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਪੁਲਿਸ ਦੀ ਵਿਸ਼ੇਸ਼ ਸ਼ਾਖਾ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਉੱਚ ਅਧਿਕਾਰੀਆਂ ਤੋਂ ਹੁਕਮ ਪ੍ਰਾਪਤ ਕੀਤੇ ਕਿ ਉਨ੍ਹਾਂ ਨੂੰ (ਸਰਹੱਦ ਪਾਰ ਕਰਨ ਦੀ ਇਜਾਜ਼ਤ ਨਾ ਦਿਤੀ ਜਾਵੇ)।’’
ਭੁਈਆਂ ਨੇ ਕਿਹਾ ਕਿ ਇਸਕਾਨ ਦੇ ਮੈਂਬਰਾਂ ਕੋਲ ਕਥਿਤ ਤੌਰ ’ਤੇ ਜਾਇਜ਼ ਪਾਸਪੋਰਟ ਅਤੇ ਵੀਜ਼ਾ ਸਨ, ਪਰ ਯਾਤਰਾ ਲਈ ਉਨ੍ਹਾਂ ਕੋਲ ‘‘ਵਿਸ਼ੇਸ਼ ਸਰਕਾਰੀ ਇਜਾਜ਼ਤ‘‘ ਦੀ ਲੋੜ ਨਹੀਂ ਸੀ।’’ ਉਨ੍ਹਾਂ ਕਿਹਾ, ‘‘ਉਹ ਅਜਿਹੀ ਮਨਜ਼ੂਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੇ।’’
ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼ਰਧਾਲੂਆਂ ਸਮੇਤ 54 ਮੈਂਬਰ ਸਨਿਚਰਵਾਰ ਰਾਤ ਅਤੇ ਐਤਵਾਰ ਸਵੇਰੇ ਚੈੱਕ ਪੁਆਇੰਟ ’ਤੇ ਪਹੁੰਚੇ। ਹਾਲਾਂਕਿ, ਇਜਾਜ਼ਤ ਲਈ ਘੰਟਿਆਂ ਤਕ ਇੰਤਜ਼ਾਰ ਕਰਨ ਤੋਂ ਬਾਅਦ, ਉਨ੍ਹਾਂ ਨੂੰ ਦਸਿਆ ਗਿਆ ਕਿ ਉਨ੍ਹਾਂ ਦੀ ਯਾਤਰਾ ਅਧਿਕਾਰਤ ਨਹੀਂ ਹੈ। ਇਸਕਾਨ ਦੇ ਮੈਂਬਰ ਸੌਰਭ ਤਪੰਦਰ ਚੇਲੀ ਨੇ ਦਸਿਆ, ‘‘ਅਸੀਂ ਭਾਰਤ ’ਚ ਇਕ ਧਾਰਮਕ ਸਮਾਰੋਹ ’ਚ ਸ਼ਾਮਲ ਹੋਣ ਲਈ ਨਿਕਲੇ ਸੀ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਨੂੰ ਸਰਕਾਰੀ ਇਜਾਜ਼ਤ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਰੋਕ ਦਿਤਾ।’’
ਭਾਰਤੀ ਹੋਣ ਕਾਰਨ ਬੰਗਲਾਦੇਸ਼ ’ਚ ਮੈਨੂੰ ਕੁੱਟਿਆ ਗਿਆ: ਕੋਲਕਾਤਾ ਦਾ ਨੌਜੁਆਨ
ਕੋਲਕਾਤਾ : ਗੁਆਂਢੀ ਦੇਸ਼ ਬੰਗਲਾਦੇਸ਼ ’ਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਖਬਰਾਂ ਦਰਮਿਆਨ ਕੋਲਕਾਤਾ ਦੇ ਇਕ ਨੌਜੁਆਨ ਨੇ ਦਾਅਵਾ ਕੀਤਾ ਹੈ ਕਿ ਢਾਕਾ ’ਚ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਭਾਰਤੀ ਹਿੰਦੂ ਹੈ।
ਪਛਮੀ ਬੰਗਾਲ ਦੀ ਰਾਜਧਾਨੀ ਦੇ ਉੱਤਰੀ ਕੰਢੇ ’ਤੇ ਬੇਲਗਾਰੀਆ ਇਲਾਕੇ ਦਾ ਰਹਿਣ ਵਾਲਾ 22 ਸਾਲ ਦਾ ਸਾਯਨ ਘੋਸ਼ 23 ਨਵੰਬਰ ਨੂੰ ਬੰਗਲਾਦੇਸ਼ ਗਿਆ ਸੀ ਅਤੇ ਅਪਣੇ ਇਕ ਦੋਸਤ ਨਾਲ ਰਿਹਾ ਸੀ। ਉੱਥੇ ਪਰਵਾਰ ਨੇ ਉਸ ਨਾਲ ਅਪਣੇ ਪੁੱਤਰ ਵਾਂਗ ਵਿਵਹਾਰ ਕੀਤਾ।
ਘੋਸ਼ ਨੇ ਕਿਹਾ, ‘‘ਹਾਲਾਂਕਿ, 26 ਨਵੰਬਰ ਦੀ ਦੇਰ ਸ਼ਾਮ ਨੂੰ, ਜਦੋਂ ਮੈਂ ਅਤੇ ਮੇਰਾ ਦੋਸਤ ਸੈਰ ਕਰਨ ਲਈ ਬਾਹਰ ਗਏ ਸੀ, ਚਾਰ-ਪੰਜ ਨੌਜੁਆਨਾਂ ਦੇ ਇਕ ਸਮੂਹ ਨੇ ਮੈਨੂੰ ਮੇਰੇ ਦੋਸਤ ਦੇ ਘਰ ਤੋਂ ਲਗਭਗ 70 ਮੀਟਰ ਦੀ ਦੂਰੀ ’ਤੇ ਘੇਰ ਲਿਆ। ਉਨ੍ਹਾਂ ਨੇ ਮੈਨੂੰ ਮੇਰੀ ਪਛਾਣ ਬਾਰੇ ਪੁਛਿਆ । ਜਦੋਂ ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਭਾਰਤ ਤੋਂ ਹਾਂ ਅਤੇ ਹਿੰਦੂ ਹਾਂ, ਤਾਂ ਉਨ੍ਹਾਂ ਨੇ ਮੈਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿਤੀ ਆਂ ਅਤੇ ਮੇਰੇ ਦੋਸਤ ’ਤੇ ਵੀ ਹਮਲਾ ਕਰ ਦਿਤਾ, ਜਿਸ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।‘‘
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਚਾਕੂ ਦੀ ਨੋਕ ’ਤੇ ਮੇਰਾ ਮੋਬਾਈਲ ਫੋਨ ਅਤੇ ਪਰਸ ਵੀ ਖੋਹ ਲਿਆ। ਕੋਈ ਵੀ ਰਾਹਗੀਰ ਸਾਡੀ ਮਦਦ ਲਈ ਅੱਗੇ ਨਹੀਂ ਆਇਆ। ਆਲੇ-ਦੁਆਲੇ ਕੋਈ ਪੁਲਿਸ ਅਧਿਕਾਰੀ ਨਹੀਂ ਸੀ। ਘਟਨਾ ਤੋਂ ਬਾਅਦ, ਅਸੀਂ ਸ਼ਿਆਮਪੁਰ ਥਾਣੇ ਗਏ, ਪਰ ਉਨ੍ਹਾਂ ਨੇ ਕੋਈ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿਤਾ। ਇਸ ਦੀ ਬਜਾਏ, ਉਹ ਮੈਨੂੰ ਪੁੱਛਦੇ ਰਹੇ ਕਿ ਮੈਂ ਬੰਗਲਾਦੇਸ਼ ਕਿਉਂ ਆਇਆ ਹਾਂ। ਜਦੋਂ ਮੈਂ ਉਨ੍ਹਾਂ ਨੂੰ ਅਪਣਾ ਪਾਸਪੋਰਟ ਅਤੇ ਵੀਜ਼ਾ ਵਿਖਾ ਇਆ ਅਤੇ ਅਪਣੇ ਦੋਸਤ ਅਤੇ ਉਸ ਦੇ ਪਰਵਾਰ ਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹ ਸੰਤੁਸ਼ਟ ਹੋ ਗਏ ਅਤੇ ਮੈਨੂੰ ਅਪਣੇ ਜ਼ਖਮਾਂ ਦਾ ਇਲਾਜ ਕਰਵਾਉਣ ਲਈ ਕਿਹਾ।’’
ਘੋਸ਼ ਨੇ ਦਾਅਵਾ ਕੀਤਾ ਕਿ ਉਸ ਨੂੰ ਦੋ ਨਿੱਜੀ ਹਸਪਤਾਲਾਂ ’ਚ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਅਤੇ ਆਖਰਕਾਰ ਉਸਨੂੰ ਢਾਕਾ ਮੈਡੀਕਲ ਕਾਲਜ ਅਤੇ ਹਸਪਤਾਲ ਜਾਣਾ ਪਿਆ। ਘੋਸ਼ ਨੇ ਦਸਿਆ, ‘‘ਘਟਨਾ ਦੇ ਤਿੰਨ ਘੰਟੇ ਬਾਅਦ ਮੇਰਾ ਉੱਥੇ ਇਲਾਜ ਹੋਇਆ। ਮੇਰੇ ਮੱਥੇ ਅਤੇ ਸਿਰ ’ਤੇ ਕਈ ਟਾਂਕੇ ਲੱਗੇ ਅਤੇ ਮੇਰੇ ਮੂੰਹ ’ਤੇ ਵੀ ਸੱਟ ਲੱਗੀ। ‘‘
ਬੰਗਲਾਦੇਸ਼ ਤੋਂ ਕੋਲਕਾਤਾ ਆਉਣ ਵਾਲੀਆਂ ਉਡਾਣਾਂ ਦੀ ਗਿਣਤੀ ਘਟੀ: ਅਧਿਕਾਰੀ
ਕੋਲਕਾਤਾ : ਬੰਗਲਾਦੇਸ਼ ਤੋਂ ਕੋਲਕਾਤਾ ਜਾਣ ਵਾਲੀਆਂ ਉਡਾਣਾਂ ’ਚ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਮੁਸਾਫ਼ਰਾਂ ਦੀ ਗਿਣਤੀ ’ਚ ਵੀ ਕਮੀ ਆ ਰਹੀ ਹੈ। ਐਨਐਸਸੀ.ਬੀ.ਆਈ. ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਕ ਭਾਰਤੀ ਏਅਰਲਾਈਨ ਨੇ ਕੋਲਕਾਤਾ ਅਤੇ ਢਾਕਾ ਵਿਚਾਲੇ ਉਡਾਣਾਂ ਸ਼ੁਰੂ ਕਰਨ ਦੀ ਅਪਣੀ ਯੋਜਨਾ ਵੀ ਰੱਦ ਕਰ ਦਿਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਗੁਆਂਢੀ ਦੇਸ਼ ਦੀ ਨਿੱਜੀ ਏਅਰਲਾਈਨ ਯੂ.ਐਸ.-ਬੰਗਲਾ ਏਅਰਲਾਈਨਜ਼ ਵਲੋਂ ਸੰਚਾਲਿਤ ਕੋਲਕਾਤਾ ਲਈ ਉਡਾਣਾਂ ਦੀ ਗਿਣਤੀ ਜੁਲਾਈ ’ਚ 84 ਸੀ ਪਰ ਨਵੰਬਰ ’ਚ ਘਟ ਕੇ 24 ਰਹਿ ਗਈ। ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜੁਲਾਈ ’ਚ ਯੂ.ਐੱਸ.-ਬੰਗਲਾ ਏਅਰਲਾਈਨਜ਼ ਦੀਆਂ ਉਡਾਣਾਂ ਰਾਹੀਂ 7,391 ਮੁਸਾਫ਼ਰ ਕੋਲਕਾਤਾ ਪਹੁੰਚੇ, ਜਦਕਿ ਨਵੰਬਰ ’ਚ ਸਿਰਫ 1,646 ਮੁਸਾਫ਼ਰ ਪਹੁੰਚੇ। ਕੋਲਕਾਤਾ ਤੋਂ ਬੰਗਲਾਦੇਸ਼ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਦਾ ਵੀ ਇਹੋ ਹਾਲ ਹੈ।
ਅਧਿਕਾਰੀਆਂ ਨੇ ਦਸਿਆ ਕਿ ਇਸੇ ਤਰ੍ਹਾਂ ਗੁਆਂਢੀ ਦੇਸ਼ ਦੀ ਕੌਮੀ ਏਅਰਲਾਈਨ ਬਿਮਾਨ ਬੰਗਲਾਦੇਸ਼ ਨੇ ਜੁਲਾਈ ’ਚ ਕੋਲਕਾਤਾ ਲਈ 59 ਉਡਾਣਾਂ ਦਾ ਸੰਚਾਲਨ ਕੀਤਾ ਅਤੇ ਨਵੰਬਰ ’ਚ ਇਹ ਗਿਣਤੀ ਘੱਟ ਕੇ 28 ਰਹਿ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦਸਿਆ ਕਿ ਬੰਗਲਾਦੇਸ਼ ਤੋਂ ਆਉਣ ਵਾਲੀਆਂ ਇੰਡੀਗੋ ਦੀਆਂ ਉਡਾਣਾਂ ਦੀ ਗਿਣਤੀ ਵੀ 62 ਤੋਂ ਘਟ ਕੇ 44 ਰਹਿ ਗਈ ਹੈ। ਉਦਯੋਗ ਮਾਹਰਾਂ ਮੁਤਾਬਕ ਇਸ ਸਾਲ ਅਗੱਸਤ ਤੋਂ ਚੱਲ ਰਹੇ ਸੰਕਟ ਕਾਰਨ ਬੰਗਲਾਦੇਸ਼ ’ਚ ਉਡਾਣਾਂ ਦਾ ਸੰਚਾਲਨ ਘੱਟ ਹੋਇਆ ਹੈ।