
ਯੂਕਰੇਨ 'ਚ ਫਸੇ ਭਾਰਤੀਆਂ ਨੂੰ ਰੂਸੀ ਖੇਤਰ 'ਚੋਂ ਕੱਢਿਆ ਜਾਵੇਗਾ!
ਕੀਵ - ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਨਿਕਾਸੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੇ ਲਈ ਭਾਰਤ ਸਰਕਾਰ ਕਈ ਦੇਸ਼ਾਂ ਨਾਲ ਸੰਪਰਕ ਕਰ ਰਹੀ ਹੈ। ਇਸੇ ਲੜੀ ਤਹਿਤ ਭਾਰਤ ਨੇ ਰੂਸੀ ਦੂਤਘਰ ਨਾਲ ਵੀ ਸੰਪਰਕ ਕੀਤਾ ਹੈ। ਭਾਰਤ ਵਿਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅਲੀਪੋਵ ਨੇ ਕਿਹਾ ਹੈ ਕਿ ਅਸੀਂ ਖਾਰਕੀਵ ਅਤੇ ਪੂਰਬੀ ਯੂਕਰੇਨ ਦੇ ਹੋਰ ਖੇਤਰਾਂ ਵਿਚ ਫਸੇ ਭਾਰਤੀਆਂ ਲਈ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਸਾਨੂੰ ਭਾਰਤ ਤੋਂ ਰੂਸ ਦੇ ਖੇਤਰ ਰਾਹੀਂ ਉੱਥੇ ਫਸੇ ਸਾਰੇ ਲੋਕਾਂ ਨੂੰ ਐਮਰਜੈਂਸੀ ਕੱਢਣ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਅਸੀਂ ਇਸ 'ਤੇ ਗੌਰ ਕਰ ਰਹੇ ਹਾਂ।
ਡੇਨਿਸ ਅਲੀਪੋਵ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਰਣਨੀਤਕ ਭਾਈਵਾਲ ਹਾਂ। ਅਸੀਂ ਸੰਯੁਕਤ ਰਾਸ਼ਟਰ ਵਿਚ ਦਿਖਾਈ ਗਈ ਸੰਤੁਲਿਤ ਸਥਿਤੀ ਲਈ ਭਾਰਤ ਦੇ ਧੰਨਵਾਦੀ ਹਾਂ। ਭਾਰਤ ਇਸ ਸੰਕਟ ਦੀ ਗਹਿਰਾਈ ਨੂੰ ਸਮਝਦਾ ਹੈ।
ਭਾਰਤ ਨਾਲ ਰੱਖਿਆ ਸੌਦਿਆਂ 'ਤੇ ਪਾਬੰਦੀਆਂ ਦੇ ਪ੍ਰਭਾਵ 'ਤੇ ਰੂਸੀ ਰਾਜਦੂਤ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਨੂੰ ਐਸ-400 ਦੀ ਸਪਲਾਈ ਦਾ ਸਵਾਲ ਹੈ, ਕਿਸੇ ਰੁਕਾਵਟ ਦੀ ਉਮੀਦ ਨਾ ਕਰੋ। ਇਸ ਸੌਦੇ ਨੂੰ ਬੇਰੋਕ ਜਾਰੀ ਰੱਖਣ ਦੇ ਮੌਕੇ ਹਨ। ਪਾਬੰਦੀਆਂ, ਭਾਵੇਂ ਪੁਰਾਣੀਆਂ ਜਾਂ ਨਵੀਆਂ, ਕਿਸੇ ਵੀ ਤਰ੍ਹਾਂ ਨਾਲ ਦਖ਼ਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ।